ਪੰਨਾ:ਸਿੱਖ ਧਰਮ ਫ਼ਿਲਾਸਫ਼ੀ.pdf/104

ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸਾਰੇ ਸੇਵਾ ਵਿਚ ਜੁਟ ਜਾਵਣ ਤਾਂ ਮਨ ਮਗਰ ਕਿਉਂ ਨਾ ਲੱਗੇ। ਭਾਈ ਨੰਦ ਲਾਲ ਜੀ ਨੇ ਲਿਖਿਆ ਹੈ ਕਿ ਜੇ ਦਿਲ ਦਾਨਾ ਕਰੇਂ ਤਾਂ ਯਾਰ ਬਗ਼ਲ ਵਿਚ ਹੈ; ਜੇ ਅੱਖ ਵੇਖਣ ਵਾਲੀ ਕਰੇਂ ਤਾਂ ਹਰ ਥਾਂ ਉਸਦਾ ਨੂਰ ਦਿਸਦਾ ਹੈ। ਪਰ ਦਿਲ ਨੂੰ ਦਾਨਾ ਤੇ ਅੱਖ ਨੂੰ ਦੇਖਣ ਵਾਲੀ ਬਣਾਣ ਦਾ ਸਾਧਨ ਕੀ ਦਸਦੇ ਹਨ: ਮਹਿਬੂਬ ਦੇ ਚਰਨਾਂ ਤੇ ਸਿਰ ਧਰ ਦੇ, ਜਾਨ ਨੂੰ ਉਸ ਤੋਂ ਸਦਕੇ ਕਰ, ਅੱਖ ਨਾਲ ਉਸ ਤੋਂ ਬਿਨਾਂ ਗ਼ੈਰ ਨੂੰ ਨਾ ਤੱਕ, ਕੰਨਾਂ ਰਾਹੀਂ ਉਸਦਾ ਹੀ ਭੇਤ ਸੁਣ, ਹੱਥਾਂ ਨਾਲ ਉਸਦਾ ਪੱਲਾ ਫੜ ਤੇ ਪੈਰਾਂ ਰਾਹੀਂ ਉਸ ਵੱਲ ਤੁਰ ਕੇ ਜਾ। ਇਸ ਤਰ੍ਹਾਂ ਸਾਰੇ ਸਾਧਨਾਂ ਨੂੰ ਉਸ ਵੱਲ ਲਗਾ ਦੇ, ਇਸ ਰਮਜ਼ ਦਾ ਬਿਆਨ ਖੋਲ੍ਹ ਕੇ ਕਰਨ ਵਾਲਿਆਂ ਨੇ ਇਹੀ ਦਸਿਆ ਹੈ ਕਿ ਇਸ ਵਿਚ ਸੇਵਾ ਦਾ ਜੀਵਨ ਧਾਰਨ ਕਰਨ ਵੱਲ ਇਸ਼ਾਰਾ ਹੈ:

ਦਿਲ ਅਗਰ ਦਾਨਾ ਬਵਦ, ਅੰਦਰ ਕਿਨਾਰਸ਼ ਯਾਰ ਹਸਤ।
ਚਸ਼ਮਾਗਰ ਬੀਨਾ ਬਵਦ, ਦਰ ਹਰ ਤਰਫ ਦੀਦਾਰ ਹਸਤ।
ਸਰ ਅਗਰ ਦਾਰੀ ਬਿਰੋ, ਸਰ ਨਾ ਬਨਿਹ ਬਰ ਪਾਇਓ।
ਜਾਂ ਅਗਰ ਦਾਰੀ, ਨਿਸਾਰਸ਼ ਕੁਨ ਅਗਰ ਦਰਕਾਰ ਹਸਤ।
ਗੋਸ ਗਰ ਸੁਨਣਾ ਬਵਦ, ਜ਼ੁੱਜ ਨਾਮੇ ਹਕ ਕੈ ਬਸਿਨਵਦ।
ਗਰ ਜ਼ਬਾ ਗੌਆ ਬਵਦ, ਦਰ ਹਰ ਸੁਖਨ ਇਸਰਾਰ ਹਸਤ।
ਦਸਤ ਗਰ ਦਾਰੀ ਬਿਰੋ, ਦਮ ਨੇ ਜਾਨਾ ਰਾ ਬਗੀਰ।
ਸੂਏ ਊ ਮੀ ਰੋ ਅਗਰ ਪਾਰਾ, ਸਰੇ ਰਫਤਾਰ ਹਸਤ।

ਭਾਈ ਨੰਦ ਲਾਲ ਦੀ ਆਪਣੀ ਜ਼ਿੰਦਗੀ ਭੀ ਇਸ ਗੱਲ ਦੀ ਗਵਾਹ ਹੈ ਕਿ ਜਦ ਉਹ ਸ਼ਹਿਨਸ਼ਾਹ ਔਰੰਗਜ਼ੇਬ ਦੇ ਮੁਤਅੱਸਬ ਸੁਭਾਅ ਤੋਂ ਤੰਗ ਆ ਕੇ ਦਿੱਲੀ ਦਾ ਮੁਗ਼ਲ ਦਰਬਾਰ ਛੱਡ ਅਨੰਦਪੁਰ ਸਾਹਿਬ ਪੁੱਜੇ, ਤੇ ਸਤਿਗੁਰਾਂ ਕੋਲੋਂ ਜੀਵਨ-ਮਨੋਰਥ ਦੀ ਪ੍ਰਾਪਤੀ ਦਾ ਸਹੀ ਰਸਤਾ ਪੁੱਛਿਆ, ਤਾਂ ਉਹਨਾਂ ਨੇ ਭਾਈ ਸਾਹਿਬ ਨੂੰ ਲੰਗਰ ਵਿਚ ਹੱਥੀਂ ਸੇਵਾ ਕਰਨ ਦੀ ਜੁਗਤੀ ਦੱਸੀ। ਭਾਈ ਸਾਹਿਬ ਨੇ ਇਸ ਪਾਵਨ ਮਰਯਾਦਾ ਨੂੰ ਜੀਵਨ ਭਰ ਨਿਭਾਇਆ। ਚੁਨਾਂਚਿ ਇਕ ਦਫ਼ਾ ਜਦ ਗ਼ਰੀਬ ਨਿਵਾਜ਼ ਸਤਿਗੁਰੂ ਭੇਸ ਬਦਲ ਕੇ ਅਨੰਦਪੁਰ ਸਾਹਿਬ ਵਿਚ ਚਲ ਰਹੇ ਲੰਗਰਾਂ ਦੀ ਪ੍ਰੀਖਿਆ ਕਰਨ ਨਿਕਲੇ, ਤਾਂ ਸਭ ਤੋਂ ਸ਼੍ਰੋਮਣੀ ਲੰਗਰ ਭਾਈ ਨੰਦ ਲਾਲ ਸਾਹਿਬ ਦਾ ਹੀ ਨਿਕਲਿਆ। ਜਦ ਉਹਨਾਂ ਦੀ ਜੀਵਨ-ਘਾਲ ਨੂੰ ਇਸ ਵਾਕ ਨਾਲ ਰਲਾ ਕੇ ਵੀਚਾਰੀਏ, ਤਾਂ ਅਰਥ ਇਉਂ ਪ੍ਰਤੀਤ ਹੁੰਦੇ ਹਨ: ਸਿਰ ਨੂੰ ਦਾਤਾ ਦੇ ਚਰਨਾਂ 'ਤੇ ਰੱਖਣਾ ਕੀ ਹੈ, ਉਸਦੀ ਮਖ਼ਲੂਕ ਵਿਚ ਨਿਮਰਤਾ ਸਹਿਤ ਜੀਵਨ ਬਸਰ ਕਰਨਾ, ਨਿਰਅਭਿਮਾਨ ਹੋ, ਆਜਿਜ਼ ਹੋ ਵਰਤਣ ਵਾਲੇ ਲੋਕ ਹੀ ਜਗਤ ਵਿਚ ਸੁਖੀ ਵਸਦੇ ਹਨ। ਵੱਡੇ ਵੱਡੇ ਅਭਿਮਾਨੀਆਂ ਦੇ ਤਾਂ ਜੀਵਨ ਗਰਭ ਵਿਚ ਹੀ ਗਲ ਜਾਂਦੇ ਹਨ:

ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ॥
ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ॥

(ਸੁਖਮਨੀ ਸਾਹਿਬ, ਪੰਨਾ ੨੭੮)

ਸੋ ਸਿਰ ਨੂੰ ਪੈਰਾਂ 'ਤੇ ਧਰਨ ਦਾ ਮਤਲਬ, ਆਜਿਜ਼ ਹੋ ਵਕਤ ਗੁਜ਼ਾਰਨਾ ਹੈ; ਜ਼ਬਾਨ ਰਾਹੀਂ ਮਿੱਠਾ ਬੋਲਣਾ ਇਕ ਭਾਰੀ ਖ਼ਿਦਮਤ ਹੈ। ਮਿੱਠੀ ਜਿਹਬਾ ਇਕ ਅਜਿਹਾ ਸ਼ਹਿਦ

੧੦੪