ਪੰਨਾ:ਸਿੱਖ ਤੇ ਸਿੱਖੀ.pdf/193

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿਸ਼ਨ ਤੋਂ ਡਿਗ ਕੇ ਕੋਝਾ ਰਾਹ ਫੜ ਲੈਂਦੇ ਹਨ ਤੇ ਮੂੰਹੋਂ ਰਟੀ ਜਾਂਦੇ ਹਨ,'ਗੁਰੂ ਨਾਨਕ ਦਾ ਮਿਸ਼ਨ ਹੈ ਸਭ ਨੂੰ ਇਕ, ਜਾਣਨਾ ਤੇ ਸਭ ਦਾ ਭਲਾ ਚਾਹੁਣਾ। ਬੇ-ਸਮਝ ਜਨਤਾ ਰੀਝ ਪੈਂਦੀ ਹੈ।
ਏਹ ਸਜਣ ਆਪਣੇ ਹੀ ਇਲਾਕੇ ਵਿਚ ਇਕ ਦੋ ਛੋਟੇ ਮੋਟੇ ਚਲੰਤ ਦੀਵਾਨ ਕਰਾ ਕੇ ਖਲਕਤ ਨੂੰ ਪਰਚਾ ਛਡਦੇ ਹਨ । ਕਿਉਂਕਿ ਆਪਣੇ ਇਲਾਕੇ ਵਿਚੋਂ ਅਲੈਕਸ਼ਨਾਂ ਲੜਨੀਆਂ ਹੋਂਦੀਆਂ ਹਨ । ਏਸ ਲਈ ਕੁਝ ਕਰਨਾ ਪੈਂਦਾ ਹੈ । ਪਿਟਣਾ ਤਾਂ ਮੈਂਬਰੀ ਦਾ ਹੈ । ਤੌਖਲਾ ਤਾਂ ਲੀਡਰੀ ਦਾ ਹੋਂਦਾ ਹੈ । ਇਸ ਲਈ ਥੋੜੀ ਥਾਂ ਵਿਚ ਹੀ ਚੱਕ੍ਰ ਚਲਾਉਣਾ ਪੈਂਦਾ ਹੈ । ਏਥੇ ਏਨੀ ਗਲ ਧਿਆਨ ਰਖਨ ਵਾਲੀ ਹੈ ਕਿ ਕਈ ਵਾਰੀ ਅਸੀਂ ਸੱਚੇ ਦਿਲੋਂ ਵੀ ਇਲਾਕੇ ਵਿਚ ਇਕ ਅਧਾ ਧਾਰਮਿਕ ਅਕੱਠ ਕਰ ਕੇ ਪਰਸੰਨ ਹੋ ਜਾਂਦੇ ਹਾਂ । ਇਹ ਪ੍ਰਸੰਨਤਾ ਸਾਡੀ ਵਿਦਿਆ ਤੇ ਸੂਝ ਨਾ ਹੋਣ ਕਰਕੇ ਹੋਂਦੀ ਹੈ । ਕਿਉਂਕਿ ਆਲਸਾਂ ਤੇ ਗਰਜਾਂ ਨੇ ਸਾਡਾ ਘੇਰਾ ਸਉੜਾ ਕੀਤਾ ਹੋਇਆ ਹੈ । ਅਸੀਂ ਬਾਹਰ ਨਹੀਂ ਜਾਂਦੇ। ਸਾਡੇ ਬਹੁਤੇ ਗੁਰੂ ਸਾਹਿਬਾਨ ਬਾਹਰ ਜਾਂਦੇ ਤੇ ਸਿੱਖਾਂ ਨੂੰ ਪਰਦੇਸੀਂ ਘਲਦੇ ਰਹੇ । ਭਾਈ ਗੁਰਦਾਸ ਜੀ ਆਗਰੇ ਤੇ ਕਾਂਸ਼ੀ ਵਿਚ ਪ੍ਰਚਾਰ ਕਰਦੇ ਰਹੇ । ਏਸੇ ਕਰ ਕੇ ਕਬਿੱਤ ਸ੍ਵੈਆਂ ਦੀ ਬੋਲੀ ਓਧਰ ਦੀ ਹੈ । ਨਾਮੀ ਤੀਰਥਾਂ ਉਤੇ ਸਾਡਾ ਨਿਸ਼ਾਨ ਝੁਲ ਗਿਆ ਸੀ । ਵਡਿਆਂ ਸ਼ਹਿਰਾਂ ਵਿਚ ਸੰਗਤਾ ਕਾਇਮ ਹੋ ਗਈਆਂ ਸਨ । ਬਾਹਰਲਿਆਂ ਸੂਬਿਆਂ ਦੇ ਕਈ ਸਿਖ ਮਸ਼ਹੂਰ ਹੋ ਗੁਜ਼ਰੇ ਹਨ। ਦੁਰ ਕੀ ਜਾਣਾ ਹੈ ਪੰਜਾਂ ਪਿਆਰਿਆਂ ਵਿਚ ਵੀ ਬਾਹਰਲਾਂ ਸਿਖ ਸੀ।
ਜੇ ਅਸੀਂ ਪਰਦੇਸਾਂ ਵਿਚ ਕੰਮ ਧੰਦੇ ਲਈ ਜਾਈਏ ਤਾਂ ਇਕ ਨਿਕਾ ਜਿਹਾ ਗੁਰਦਵਾਰਾ ਬਣਾ ਕੇ ਬਹਿ ਜਾਂਦੇ ਹਾਂ । ਗਵਾਂਢੀਆਂ ਨੂੰ ਪਤਾ ਨਹੀਂ ਲਗਦਾ ਕਿ ਏਹ ਕੌਣ ਹਨ ਜਾਂ ਕੀ ਕਰਦੇ ਹਨ ? ਪਰਦੇਸਾਂ ਵਿਚ ਓਪਰੇ ਓਪਰੇ ਇਉਂ ਰਹਿੰਦੇ ਹਾਂ ਜਿਵੇਂ ਨਾਮ ਦੇਵ ਜੀ ਸਾਨੂੰ ਹੀ ਕਹਿ ਰਹੇ ਹਨ:-

"ਦਵਾਰਕਾ ਨਗਰੀ ਕਾਹੇ ਕੇ ਮਗੋਲ"

੧੯੪