ਪੰਨਾ:ਸਿੱਖ ਤੇ ਸਿੱਖੀ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਬੰਧ ਵੀ ਹੋਣਾ ਚਾਹੀਦਾ ਹੈ; ਬਾਲ ਭਾਵੇਂ ਸਾਧੂ ਬਾਣਾ ਧਾਰ ਲੈਣ, ਪਰ ਉਹ ਹੈਨ ਤਾਂ ਬਾਲ ਹੀ। ਓਹਨਾਂ ਦਾ ਚਿਤ ਖੇਡ ਵਲ ਜਾਣਾ ਹੋਇਆ ਡੇਰਿਆਂ ਵਿਚ ਪੜ੍ਹਾਈ ਜਾਂ ਸੇਵਾ ਹੋਣੀ ਹੋਈ ਤੇ ਬਾਲ ਨੂੰ ਆਪਣੀ ਉਮਰ ਦੀ ਭੁੱਖ ਪੂਰੀ ਕਰਨ ਦਾ ਵਕਤ ਨਹੀਂ ਮਿਲਦਾ। ਦਿਲ ਦਿਮਾਗ਼ ਬੁਝਿਆ ਜਿਹਾ ਰਹਿੰਦਾ ਹੈ ਤੇ ਬੁੱਧੀ ਤੇਜ਼ ਨਹੀਂ ਚਲਦੀ । ਸੋ ਡੇਰੇਦਾਰਾਂ ਨੂੰ ਨਿਕਿਆਂ ਵਿਦਿਆਰਥੀਆਂ ਦੀਆਂ ਖੇਡਾਂ ਦਾ ਧਿਆਨ ਰਖਣਾ ਚਾਹੀਦਾ ਹੈ ।

ਸਰਦੇ ਪੁਜਦੇ ਡੇਰਿਆਂ ਵਿਚ ਦੋ ਤਿੰਨ ਗਿਆਨੀ ਹੋਣੇ ਚਾਹੀਦੇ ਹਨ । ਕੋਈ ਇਤਿਹਾਸ ਦਸੇ, ਕੋਈ ਵਾਰਾਂ ਭਾਈ ਗੁਰਦਾਸ ਤੇ ਕੋਈ ਵਿਦਿਆਰਥੀ ਦੀ ਉਮਰ ਮੁਤਾਬਿਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਾਏ । ਬਾਣੀ ਦੇ ਕੋਰਸ ਉਮਰ ਤੇ ਅਕਲ ਅਨੁਸਾਰ ਹੋਣੇ ਚਾਹੀਦੇ ਹਨ ਜਪੁ ਨੀਸਾਣ ਵਰਗੀ ਗੂੜ੍ਹ ਬਾਣੀ ਦੀ ਵਾਰੀ ਪਿਛੋਂ ਆਉਣੀ ਚਾਹੀਦੀ ਹੈ। ਏਹਨਾਂ ਡੇਰਿਆਂ ਵਿਚ ਬੁੱਧੀਮਾਨੀ, ਵਿਦਵਾਨੀ ਤੇ ਗਿਆਨੀ ਦੇ ਇਮਤਿਹਾਨਾਂ ਦਾ ਪ੍ਰਬੰਧ ਹੋ ਸਕਦਾ ਹੈ । ਧਾਰਮਿਕ ਵਿਦਿਆ ਦੇ ਨਾਲ ਨਾਲ ਹੋਰਨਾਂ ਇਲਮਾਂ ਦੀ ਵੀ ਸੂਝ ਕਰਾਉਣੀ ਚਾਹੀਦੀ ਹੈ । ਅੱਜ ਕਲ ਵਿਰਲੇ ਵਿਰਲੇ ਡੇਰਿਆਂ ਵਿਚ ਕਿਸੇ ਨੂੰ ਦੋ ਸ਼ਬਦ ਵਾਜੇ ਨਾਲ ਸਿਖਾ ਕੇ ਹੀ ਰਾਗੀ ਸਿੰਘ ਦੀ ਡਿਗਰੀ ਦੇ ਦੇੰਦੇ ਹਨ । ਸੰਗੀਤ ਵਾਸਤੇ ਵੀ ਡੇਰਿਆਂ ਵਿਚ ਵਾਹਵਾ ਪ੍ਰਬੰਧ ਹੋ ਸਕਦਾ ਹੈ । ਏਸੇ ਤਰਾਂ ਚਿਤ੍ਰਕਲਾ ਬਾਬਤ ਵੀ ਮੋਟੀਆਂ ਮੋਟੀਆਂਗੱਲਾਂ ਸਮਝਾਈਆਂ ਜਾ ਸਕਦੀਆਂ ਹਨ। ਸਿਖ ਚਿਤ੍ਰਕਲਾ ਤੇ ਹਰਿਮੰਦਰ ਸਾਹਿਬ ਦੀ ਮੋਹ ਤਾਕਸ਼ੀ ਸਿਖ ਵਿਦਿਆਰਥੀਆਂ ਦੇ ਸਮਝਾਣ ਵਾਲੀ ਸ਼ੈ ਹੈ। ਮੁਢਲੀ ਸਾਇੰਸ ਉਤੇ ਵੀ ਕੁਝ ਨ ਕੁਝ ਜ਼ਬਾਨੀ ਦਸਿਆ ਜਾ ਸਕਦਾ ਹੈ, ਡੇਰਿਆਂ ਵਿਚ ਪੜ੍ਹਨ ਵਾਲੇ ਬਹੁਤੇ ਗ੍ਰਿਹਸਤੀ ਨਹੀਂ ਹੋਦੇ ਤੇ ਓਹ ਬਹੁਤਿਆਂ ਕਪੜਿਆਂ ਆਦਿ ਦੇ ਮੁਥਾਜ ਵੀ ਨਹੀਂ ਹੋਦੇ । ਲਾਂਝੇ ਲਟਾਕੇ ਘਟ ਰਖਦੇ ਹਨ; ਜੇ ਏਸ ਤਰ੍ਹਾਂ ਦੇ ਵਿਦਿਆਰਥੀ ਨਵੇਂ ਢੰਗ ਨਾਲ ਪੜ੍ਹਨ ਪੜ੍ਹਾਉਣ ਲਗ ਪੈਣ, ਤਾਂ ਪੰਥ ਨੂੰ ਨੰਗੇ ਧੜ ਲੜਨ ਵਾਲੇ ਪ੍ਰਚਾਰਕ ਮਿਲ ਸਕਦੇ ਹਨ।

੧੫੩