ਪੰਨਾ:ਸਿੱਖ ਗੁਰੂ ਸਾਹਿਬਾਨ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੀਆਂ ਸਨ। ਸਿੱਖ ਧਰਮ ਦਾ ਪ੍ਰਚਾਰ ਤੇ ਪਸਾਰ ਸਿਖਰ 'ਤੇ ਸੀ। ਮੁਗਲ ਬਾਦਸ਼ਾਹ ਅਕਬਰ ਨਾਲ ਵੀ ਗੁਰੂ ਜੀ ਦੇ ਸਬੰਧ ਸੁਖਾਵੇਂ ਸਨ। ਸਿੱਖੀ ਦਾ ਬੂਟਾ ਦਿਨੋ ਦਿ ਪਲਰਦਾ ਜਾ ਰਿਹਾ ਸੀ। ਗੁਰੂ ਦੇ ਸਿੱਖ ਗੁਰੂ ਵਾਂਗ ਹੀ ਨਾਮ ਵੀ ਜਪਦੇ ਸਨ, ਸੇਵਾ ਵੀ ਕਰਦੇ ਸਨ, ਆਪਣੇ ਘਰ ਗ੍ਰਹਿਸਥ ਦੀ ਗੱਡੀ ਰੇੜਦਿਆਂ, ਆਪਣੇ ਸੱਚੇ ਗੁਰੂ ਦੇ ਲੜ ਲੱਗ ਕੇ ਸੁਖੀ ਜੀਵਨ ਵੀ ਬਤੀਤ ਕਰ ਰਹੇ ਸਨ।

1605 ਈ. ਵਿੱਚ ਬਾਦਸ਼ਾਹ ਅਕਬਰ ਦੀ ਮੌਤ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਬਣਿਆ। ਉਹ ਕੱਟੜ ਸ਼ਾਸ਼ਕ ਸੀ। ਉਪਰੰਤ ਚੰਦੂ ਸ਼ਾਹ ਦਾ ਮਸਲਾ ਖੜਾ ਹੋ ਗਿਆ। ਚੰਦੂ ਸ਼ਾਹ ਲਾਹੌਰ ਦਾ ਦਰਬਾਰੀ ਸੀ ਅਤੇ ਆਪਣੀ ਬੇਟੀ ਦੀ ਸ਼ਾਦੀ ਅਰਜਨ ਦੇਵ ਦੇ ਸਪੁੱਤਰ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦਾ ਸੀ। ਚੰਦੂ ਸ਼ਾਹ ਬੇਈਮਾਨ ਕਿਸਮ ਦਾ ਇਨਸਾਨ ਸੀ ਸੋ ਗੁਰੂ ਜੀ ਨੇ ਰਿਸ਼ਤਾ ਗੰਢਣ ਤੋਂ ਇਨਕਾਰ ਕਰ ਦਿੱਤਾ। ਉਹ ਗੁਰੂ ਜੀ ਦਾ ਵੈਰੀ ਬਣ ਗਿਆ। ਦੂਜੇ ਪਾਸੇ ਪ੍ਰਿਥੀ ਚੰਦ ਨੇ ਵੀ ਨਵੇਂ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਖਿਲਾਫ ਭੜਕਾ ਦਿੱਤਾ। ਉਸਨੇ ਦੋਸ਼ ਲਾਇਆ ਕਿ ਪਵਿੱਤਰ ਗ੍ਰੰਥ ਵਿੱਚ ਮੁਸਲਮਾਨਾਂ ਦੀ ਨਿੰਦਿਆ ਕੀਤੀ ਗਈ ਹੈ। ਬਾਗੀ ਸਹਿਜ਼ਾਦੇ ਖੁਸਰੋ ਦੇ ਮਸਲੇ ਨੇ ਬਾਦਸ਼ਾਹ ਨੂੰ ਹੋਰ ਵੀ ਚੁਆਤੀ ਲਾ ਦਿੱਤੀ। ਖੁਸਰੋ ਗੁਰੂ ਜੀ ਕੋਲ ਆਇਆ ਸੀ ਅਤੇ ਗੁਰੂ ਜੀ ਨੇ ਉਸ ਨਾਲ ਆਮ ਪ੍ਰਾਹੁਣਚਾਰੀ ਵਾਲਾ ਵਿਹਾਰ ਕੀਤਾ ਸੀ। ਬਾਦਸ਼ਾਹ ਇਸਤੇ ਅੱਗ ਬਬੂਲਾ ਹੋ ਗਿਆ ਤੇ ਉਸਨੇ ਗੁਰੂ ਜੀ 'ਤੇ ਇਲਜ਼ਾਮ ਲਾਇਆ ਕਿ ਗੁਰੂ ਜੀਨੇ ਉਸਦੀ ਮਦਦ ਕੀਤੀ ਹੈ। ਇਸਨੂੰ ਮੁਗਲ ਦਰਬਾਰ ਦੇ ਖਿਲਾਫ ਸਾਜਿਸ਼ ਸਮਝ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਦੋ ਲੱਖ ਰੁਪਏ ਜੁਰਮਾਨਾ ਭਰਨ ਲਈ ਕਿਹਾ ਅਤੇ ਗੁਰੂ ਗਰੰਥ ਸਾਹਿਬ ਨੂੰ ਬਦਲਾਅ ਕਰਕੇ ਦੁਬਾਰਾ ਲਿਖਣ ਲਈ ਕਿਹਾ। ਗੁਰੂ ਅਰਜਨ ਦੇਵ ਨੇ ਸਿੱਖਾਂ ਦੀ ਕਮਾਈ ਵਿੱਚੋਂ ਜੁਰਮਾਨਾ ਭਰਨ ਤੋਂ ਬਿਲਕੁਲ ਨਾਂਹ ਕਰ ਦਿੱਤੀ ਅਤੇ ਗੁਰੂ ਗਰੰਥ ਸਾਹਿਬ ਦਾ ਕੋਈ ਵੀ ਸ਼ਬਦ ਬਦਲਣ ਤੋਂ ਇਨਕਾਰ ਕਰ ਦਿੱਤਾ।

ਇਹਨਾਂ ਘਟਨਾਵਾਂ ਕਾਰਨ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵੱਖ-ਵੱਖ ਕਿਸਮ ਦੇ ਤਸੀਹੇ ਦਿੱਤੇ ਗਏ। ਤੱਤੀ ਤਵੀ 'ਤੇ ਬਿਠਾ ਕੇ ਤੱਤਾ ਰੇਤ ਸਿਰ ਵਿੱਚ ਪਾਇਆ ਗਿਆ। ਭਿਆਨਕ ਮੰਜਰ ਕਾਇਮ ਕੀਤਾ ਗਿਆ। ਪਰ ਗੁਰੂ ਜੀ ਅਡੋਲ ਤੇ ਸ਼ਾਂਤ ਰਹੇ। ਗੁਰਬਾਣੀ ਦਾ ਜਾਪ ਕਰਦੇ ਰਹੇ ਪਰ ਸੀ ਤੱਕ ਨਹੀਂ ਉਚਰੀ। ਫਿਰ ਉਹਨਾਂ ਨੂੰ ਰਾਵੀ ਦਰਿਆ ਦੇ ਠੰਡੇ ਪਾਣੀ ਵਿੱਚ ਬਿਠਾਇਆ ਗਿਆ। ਸਰੀਰ ਕਿੰਨਾ ਕੁ ਕਸ਼ਟ ਸਹਾਰ ਸਕਦਾ ਸੀ। ਗੁਰੂ ਜੀ ਸਮਾਧੀ ਵਿੱਚ ਲੀਨ ਹੋ ਗਏ ਅਤੇ ਇਸ ਤਰਾਂ 30 ਮਈ, 1606 ਈ. ਵਿੱਚ ਰਾਵੀ ਦਰਿਆ ਦੇ ਕੰਢੇ ਜੋਤੀ ਜੋਤ ਸਮਾ ਗਏ। ਗੁਰੂ ਜੀ ਦੀ ਯਾਦ ਵਿੱਚ ਇਸ ਥਾਂ 'ਤੇ ਗੁਰੂਦੁਆਰਾ 'ਡੇਰਾ ਸਾਹਿਬ' ਸੁਸ਼ੋਭਿਤ ਹੈ।

62