ਪੰਨਾ:ਸਿਖਿਆ ਵਿਗਿਆਨ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਤਕਾ—(ੳ)

ਬੋਲੀ ਦਾ ਪਾਠ

ਪਾਠ ਦੀ ਕਵਿਤਾ-ਗਰੀਬ ਕਿਸਾਨ

੧.

ਕੱਕਰੀ ਰਾਤ ਸਿਆਲ ਦੀ, ਵਰਤੀ ਸੁੰਞ ਮਸਾਣ।
ਖਲਕਤ ਸੁੱਤੀ ਅੰਦਰੀਂ, ਨਿੱਘੀਆਂ ਬੁਕਲਾਂ ਤਾਣ।
ਪਿਛਲੇ ਪਹਿਰ ਤਰੇਲ ਦੇ, ਮੋਤੀ ਜੰਮਦੇ ਜਾਣ,
ਬੁਕਲੋਂ ਮੂੰਹ ਜੇ ਕਢੀਏ, ਪਾਲਾ ਪੈਂਦਾ ਖਾਣ।
ਇਸ ਵੇਲੇ ਜਾਂ ਜਾਗਦੇ, ਤਾਰੇ ਵਿਚ ਅਸਮਾਨ,
ਜਾਂ ਕੋਈ ਕਰਦਾ ਭਗਤ ਜਨ ਖੂਹ ਤੇ ਇਸ਼ਨਾਨ।
ਜਾਂ ਇਕ ਕਿਸਮਤ ਦਾ ਬਲੀ,ਜਾਗ ਰਿਹਾ ਕਿਰਸਾਣ।
ਪਾਣੀ ਲਾਉਂਦਿਆਂ ਪੈਰ ਹੱਥ ਨੀਲੇ ਹੁੰਦੇ ਜਾਣ।

੨.

ਸਿਖਰ ਦੁਪਹਿਰੇ ਜੇਠ ਦੀ, ਵਰ੍ਹਣ ਪਏ ਅੰਗਿਆਰ,
ਲੋਆਂ ਵਾਉ-ਵਿਰੋਲਿਆਂ, ਰਾਹੀ ਲਏ ਖੁਲ੍ਹਾਰ।
ਲੋਹ ਤਪੇ ਜਿਉਂ ਪ੍ਰਿਥਵੀ, ਭੱਖ ਲਵਣ ਅਸਮਾਨ,
ਪਸ਼ੂਆਂ ਜੀਭਾਂ ਸੁੱਟੀਆਂ, ਪੰਛੀ ਭੁਜਦੇ ਜਾਣ।
ਲੁਕੀ ਲੁਕਾਈ ਅੰਦਰੀਂ, ਨਿਕਲੇ ਬਾਹਰ ਨਾ ਸਾਹ,
ਪਰ ਪਿੜ ਵਿਚ ਕਿਰਸਾਣ ਇਕ, ਫਲ੍ਹਾ ਰਿਹਾ ਹੈ ਵਾਹ।
ਸਿਰ ਪੈਰਾਂ ਤਕ ਨੁਚੜੇ, ਮੁੜਕਾਂ ਵਾਹੋ ਦਾਹ,
ਪਰ ਸ਼ਾਬਾਸ਼ੈ ਦੂਲਿਆ ਤਾ ਨਹੀਂ ਪਰਵਾਹ।

੩.

ਪੱਕੀ, ਵੱਢੀ, ਬੰਨ੍ਹ ਲਈ, ਆਣ ਧਰੀ ਖਲਵਾਰ,
ਤਦ ਵੀ ਧੜਕੇ ਕਾਲਜਾ, ਦੁਸ਼ਮਨ ਕਰੇ ਨਾ ਵਾਰ।
ਬਤੀਓਂ ਦੰਦੋਂ ਜੀਭ ਨੂੰ, ਜੋ ਰੱਬ ਲਏ ਬਚਾਇ,
ਚਾਈਂ ਚਾਈਂ ਗਾਹਕੇ, ਧੜ ਦੋਵੇਂ ਤਦ ਲਾਇ।
ਅਜੇ ਵਸਾਏ ਨਾ ਚੁੱਕਿਓਂ ਲਾਗੂ ਬੈਠੇ ਆਇ
ਲਾਗੀ, ਚੋਗੀ, ਸੋਪੀਆਂ, ਝੁਰਮਟ ਦਿੱਤਾ ਪਾਇ।
ਰਹਿੰਦਾ ਬੋਹਲ ਹੁੰਝਾ ਲਿਆ, ਆਕੇ ਲਹਿਣੇਦਾਰ
ਤੇਰੇ ਪੱਲੇ ਰਹਿ ਗਈ, ਤੂੜੀ ਪੰਡਾਂ ਚਾਰ

੨੨੧