ਪੰਨਾ:ਸਿਖਿਆ ਵਿਗਿਆਨ.pdf/231

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੦

ਬੁਧੀ-ਮਾਪਕ ਪਰੀਖਿਆਵਾਂ ਦੀ ਠੀਕ ਵਰਤੋਂ

ਜਿਨ੍ਹਾਂ ਬੱਚਿਆਂ ਦੀ ਯੋਗਤਾ ਬਾਰੇ ਸ਼ੱਕ ਹੋਵੇ ਉਨ੍ਹਾਂ ਦੀ ਬੁਧੀ-ਮਾਪਕ ਪਰੀਖਿਆ ਲੈ ਕੇ ਇਹ ਨਿਸਚਿਤ ਕੀਤਾ ਜਾ ਸਕਦਾ ਹੈ ਕਿ ਉਹ ਅਗਲੀ ਜਮਾਤ ਵਿਚ ਚਲ ਸਕਣਗੇ ਕਿ ਨਹੀਂ। ਜਿਨ੍ਹਾਂ ਬਚਿਆਂ ਦੀ ਬੁਧੀ ਚੰਗੀ ਹੈ ਉਹ ਜੇ ਕਿਸੇ ਕਾਰਨ ਕਰਕੇ ਸਲਾਨਾ ਪਰੀਖਿਆ ਵਿਚ ਫੈਲ ਵੀ ਹੋ ਜਾਣ ਤਾਂ ਆਪਣੀ ਜਮਾਤ ਦੇ ਬੱਚਿਆਂ ਨਾਲ ਜ਼ਰਾ ਵਧ ਮਿਹਨਤ ਕਰਕੇ ਚਲ ਸਕਦੇ ਹਨ। ਇਸ ਤਰ੍ਹਾਂ ਬੁਧੀ-ਮਾਪਕ ਪਰੀਖਿਆ ਅਤੇ ਸਕੂਲ ਵਿਚ ਕੀਤੇ ਕੰਮ ਦੇ ਲੇਖੇ ਦੇ ਅਧਾਰ ਉਤੇ ਬੱਚੇ ਦੀ ਅਸਲ ਯੋਗਤਾ ਜਾਚੀ ਜਾ ਸਕਦੀ ਹੈ।

ਬੁਧੀ ਮਾਪਕ ਪਰੀਖਿਆਵਾਂ ਕਿਸੇ ਵਿਸ਼ੇਸ਼ ਕੰਮ ਲਈ ਬੱਚਿਆਂ ਨੂੰ ਚੁਣਨ ਲਈ ਵੀ ਕੰਮ ਆਉਂਦੀਆਂ ਹਨ। ਵਿਸ਼ਵ-ਵਿਦਿਆਲੇ ਦੀ ਸਿਖਿਆ ਲਈ ਉਨ੍ਹਾਂ ਬਾਲਕਾਂ ਨੂੰ ਭੇਜਣਾ ਹੀ ਉਚਿਤ ਹੈ ਜਿਹੜੇ ਸਧਾਰਨ ਬੁੱਧੀ ਦੇ ਬਾਲਕਾਂ ਨਾਲੋਂ ਚੰਗੇ ਹਨ। ਇਸ ਦੇ ਲਈ ਬੱਚਿਆਂ ਦੀ ਸਧਾਰਨ ਪਰੀਖਿਆ ਤੋਂ ਬਿਨਾਂ ਬੁਧੀ-ਮਾਪਕ ਪਰੀਖਿਆ ਵੀ ਹੋਣੀ ਚਾਹੀਦੀ ਹੈ। ਜਿਹੜੇ ਬੱਚੇ ਦੋਹਾਂ ਤਰ੍ਹਾਂ ਦੀਆਂ ਪਰੀਖਿਆਵਾਂ ਵਿਚ ਉੱਚੇ ਦਰਜੇ ਵਿਚ ਆਉਂਦੇ ਹਨ, ਉਨ੍ਹਾਂ ਨੂੰ ਵਿਸ਼ਵ-ਵਿਦਿਆਲੇ ਦੀ ਸਿਖਿਆ ਦਾ ਮੌਕਾ ਦੇਣਾ ਚਾਹੀਦਾ ਹੈ, ਅਤੇ ਜਿਹੜੇ ਬੁੱਧੀ ਅਤੇ ਕੰਮ ਕਰਨ ਵਿਚ ਸਰੇਸ਼ਠ ਹਨ ਉਨ੍ਹਾਂ ਨੂੰ ਸਰਕਾਰੀ ਖਰਚ ਤੇ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕੋਈ ਵੀ ਯੋਗ ਬੱਚਾ ਉਚਿਤ ਸਿਖਿਆ ਤੋਂ ਵੰਚਿਤ ਨਹੀਂ ਰਹੇਗਾ ਅਤੇ ਕੌਮ ਵੀ ਅਜਿਹੇ ਬੱਚਿਆਂ ਤੋਂ ਵਧ ਤੋਂ ਵਧ ਲਾਭ ਉਠਾ ਸਕੇਗੀ।

-----