ਪੰਨਾ:ਸਿਖਿਆ ਵਿਗਿਆਨ.pdf/227

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੬

ਪਰੀਖਿਆਵਾਂ ਵਿਚ ਇਕ ਇਕ ਪਰੀਖਿਅਕ ਨੂੰ ਬਹੁਤ ਸਾਰੀਆਂ ਉਤਰ-ਕਾਪੀਆਂ ਵੇਖਣੀਆਂ ਪੈਂਦੀਆਂ ਹਨ। ਜਦ ਉਸ ਦਾ ਮਨ ਪਰਸੰਨ ਹੁੰਦਾ ਹੈ ਤਾਂ ਪਰੀਖਿਆ ਦੇਣ ਵਾਲਿਆਂ ਨੂੰ ਇਕ ਕਿਸਮ ਦੇ ਨੰਬਰ ਮਿਲਦੇ ਹਨ ਤੇ ਜਦ ਉਹ ਦੁਖੀ ਜਾਂ ਘਾਬਰ ਵਿਚ ਹੋਵੇ ਤਾਂ ਹੋਰ ਕਿਸਮ ਦੇ ਨੰਬਰ ਮਿਲਦੇ ਹਨ। ਇਕ ਹੀ ਉਤਰ-ਕਾਪੀ ਨੂੰ ਇਕ ਹੀ ਪਰੀਖਿਅਕ ਦੇ ਵਖ ਵਖ ਸਮਿਆਂ ਤੇ ਵੇਖੇ ਤਾਂ ਉਸ ਨੂੰ ਆਪਣੇ ਦਿੱਤੇ ਨੰਬਰਾਂ ਦੇ ਫਰਕ ਉਤੇ ਬੜਾ ਅਸਚਰਜ ਹੋਵੇ। ਸਵੇਰੇ ਉਹ ਇਕ ਤਰ੍ਹਾਂ ਦੇ ਨੰਬਰ ਦੇਵੇਗਾ ਅਤੇ ਸ਼ਾਮ ਨੂੰ ਦੂਜੀ ਕਿਸਮ ਦੇ, ਹੁਣ ਜੇ ਇੱਕ ਹੀ ਉਤਰ-ਕਾਪੀ ਨੂੰ ਦੋ ਜਾਂ ਤਿੰਨ ਪਰੀਖਿਅਕਾਂ ਨੇ ਵੇਖਣਾ ਹੋਵੇ ਤਾਂ ਨੰਬਰਾਂ ਦਾ ਫਰਕ ਹੋਰ ਵੀ ਸਪਸ਼ਟ ਰੂਪ ਵਿਚ ਵਿਖਾਈ ਦੇਵੇਗਾ। ਇਸ ਬਾਰੇ ਅਧੁਨਿਕ ਮਨੋ-ਵਿਗਿਆਨੀਆਂ ਨੇ ਕੁਝ ਮਹੱਤਾ ਭਰੇ ਤਜਰਬੇ ਕੀਤੇ ਹਨ। ਉਨ੍ਹਾਂ ਨੇ ਕੁਝ ਵਿਦਿਆਰਥੀਆਂ ਦੇ ਉੱਤਰ-ਪੱਤਰ ਦੱਸ ਬਾਰਾਂ ਵਖ ਵਖ ਪਰੀਖਿਅਕਾਂ ਕੋਲ ਭੇਜੇ। ਇਨ੍ਹਾਂ ਦੇ ਨੰਬਰ ਜਦੋਂ ਮੇਲੇ ਗਏ ਤਾਂ ਬੜਾ ਫਰਕ ਦਿੱਸ ਆਇਆ। ਜਿਨ੍ਹਾਂ ਵਿਦਿਆਰਥੀਆਂ ਨੂੰ ਇਕ ਪਰੀਖਿਅਕ ਨੇ ਸਭ ਤੋਂ ਵਧ ਨੰਬਰ ਦਿੱਤੇ ਉਨ੍ਹਾਂ ਨੂੰ ਕਿਸੇ ਹੋਰ ਨੇ ਸਭ ਤੋਂ ਘਟ ਨੰਬਰ ਦਿੱਤੇ। ਕਦੇ ਕਦੇ ਇਕ ਹੀ ਵਿਦਿਆਰਥੀ ਨੂੰ ਇਕ ਨੇ ਪਹਿਲੇ ਦਰਜੇ ਵਿਚ ਰਖਿਆ, ਦੂਜੇ ਨੇ ਦੂਜੇ ਦਰਜੇ ਵਿਚ ਤੇ ਤੀਜੇ ਨੇ ਤੀਜੇ ਦਰਜੇ ਵਿਚ ਰਖਿਆ। ਇਥੇ ਇਕ ਸੁਆਦਲੀ ਘਟਨਾ ਲਿਖਣ ਯੋਗ ਹੈ। ਇਸ ਦਾ ਵਰਨਣ ਬੇਲਾਰਡ ਦੀ ਪੁਸਤਕ “ਨਿਯੂ ਐਗਜ਼ਾਮੀਨਰ" ਵਿਚ ਪਾਇਆ ਜਾਂਦਾ ਹੈ। ਫਰਾਂਸ ਦੀ ਇਕ ਸਰਕਾਰੀ ਪਰੀਖਿਆ ਵਿਚ ਛੇ ਪਰੀਖਿਅਕ ਮੁਕੱਰਰ ਹੋਏ। ਇਨ੍ਹਾਂ ਪਰੀਖਿਅਕਾਂ ਨੂੰ ਹਰ ਵਿਦਿਆਰਥੀ ਦੀ ਉਤਰ-ਕਾਪੀ ਵੇਖਣੀ ਹੁੰਦੀ ਸੀ। ਪਰੀਖਿਆ ਦੇਣ ਵਾਲੇ ਦਾ ਦਰਜਾ ਪਰੀਖਿਅਕਾਂ ਦੇ ਔਸਤ ਨੰਬਰਾਂ ਦੇ ਅਧਾਰ ਤੇ ਮੁਕੱਰਰ ਕੀਤਾ ਜਾਂਦਾ ਸੀ। ਇਨ੍ਹਾਂ ਛੇ ਪਰੀਖਿਅਕਾਂ ਵਿਚੋਂ ਇਕ ਨੇ ਆਪਣਾ ਕੰਮ ਸਚਾਈ ਨਾਲ ਕਰਨ ਲਈ ਇਕ ਆਦਰਸ਼ ਉੱਤਰ-ਕਾਪੀ ਲਿਖ ਦਿੱਤੀ। ਇਹ ਉੱਤਰ-ਕਾਪੀ ਗਲਤੀ ਨਾਲ ਦੂਜੀਆਂ ਉੱਤਰ-ਕਾਪੀਆਂ ਨਾਲ ਦੂਜੇ ਪਰੀਖਿਅਕਾਂ ਕੋਲ ਪਹੁੰਚ ਗਈ। ਇਨ੍ਹਾਂ ਪਰੀਖਿਅਕਾਂ ਨੇ ਇਸ ਦੇ ਵੀ ਪਰੀਖਿਆਂ ਦੇਣ ਵਾਲਿਆਂ ਦੀ ਕਾਪੀ ਸਮਝ ਨੰਬਰ ਲਾਏ। ਪਿਛੋਂ ਜਦ ਇਹ ਕਾਪੀ ਪਰੀਖਿਆ ਸੰਚਾਲਕ ਕੋਲ ਪਹੁੰਚੀ ਤਾਂ ਵੇਖਿਆ ਗਿਆ ਕਿ ਉਸ ਉਤੇ ਸੌ ਵਿਚੋਂ ਚਾਲੀ ਤੋਂ ਲੈ ਅੱਸੀ ਤਕ ਨੰਬਰ ਦਿੱਤੇ ਗਏ ਸਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪਰੀਖਿਅਕ ਵੀ ਆਪਣੀ ਆਦਰਸ਼ਕ ਉਤਰ-ਕਾਪੀ ਉਤੇ ਸਾਰੇ ਪਰੀਖਿਅਕ ਕੋਲੋਂ ਪਹਿਲੇ ਦਰਜੇ ਦੇ ਨੰਬਰ ਨਾ ਲੈ ਸਕਿਆ। ਫਿਰ ਅਸੀਂ ਕਿਵੇਂ ਆਸ ਰਖ ਸਕਦੇ ਹਾਂ ਕਿ ਇਕ ਸਾਧਾਰਨ ਪਰੀਖਿਆ ਦੇਣ ਵਾਲਾ ਹਰ ਪਰੀਖਿਅਕ ਤੋਂ ਠੀਕ ਨੰਬਰ ਲੈ ਸਕੇਗਾ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਸਾਡੀਆਂ ਸਧਾਰਨ ਪਰੀਖਿਆਵਾਂ ਵਿਚ ਬੱਚੇ ਦੀ ਅਸਲ ਯੋਗਤਾ ਦੀ ਜਾਂਚ ਕਰਨਾ ਸੰਭਵ ਹੀ ਨਹੀਂ। ਪਰੀਖਿਅਕਾਂ ਦੇ ਵਿਅਕਤਿਤਵ ਦੀ ਵਿਸ਼ੇਸ਼ਤਾ ਇਸ ਪਰਕਾਰ ਦੀ ਜਾਂਚ ਵਿਚ ਖਾਸ ਕਰਕੇ ਰੋਕ ਬਣਦੀ ਹੈ।

ਬੁਧੀ-ਮਾਪਕ ਪਰੀਖਿਆ

ਵਰਤਮਾਨ ਪਰੀਖਿਆ-ਢੰਗ ਦੇ ਦੋਸ਼ਾਂ ਤੋਂ ਸੁਚੇਤ ਹੋਕੇ ਸੰਸਾਰ ਦੇ ਅਗਾਂਹ ਵਧੂ ਸਿਖਿਆ-ਵਿਗਿਆਨੀਆਂ ਨੇ ਬਾਲਕ ਦੀ ਬੁਧੀ-ਮਾਪਕ ਪਰੀਖਿਆ ਲੈਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਬੁਧੀ-ਮਾਪਕ ਪਰੀਖਿਆਵਾਂ ਦੀ ਕਾਢ ਫਰਾਂਸ ਦੇ ਇਕ ਮਨੋ-ਵਿਗਿਆਨੀ