ਪੰਨਾ:ਸਿਖਿਆ ਵਿਗਿਆਨ.pdf/224

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰ੍ਹਵਾਂ ਪਰਕਰਨ

ਸਿਖਿਆ ਵਿਚ ਪਰੀਖਿਆ

ਪਰੀਖਿਆਵਾਂ ਦੀ ਲੋੜ

ਸਿਖਿਆ ਅਤੇ ਪਰੀਖਿਆ ਦਾ ਇਕ ਦੂਜੇ ਨਾਲ ਲਾਜ਼ਮੀ ਸਬੰਧ ਹੈ। ਕਿਸੇ ਬੱਚੇ ਦੀ ਸਿਖਿਆ ਦਾ ਕੰਮ ਚੰਗੀ ਤਰ੍ਹਾਂ ਹੋਇਆ ਹੈ ਕਿ ਨਹੀਂ, ਇਹ ਪਰੀਖਿਆ ਤੋਂ ਹੀ ਜਾਣਿਆ ਜਾ ਸਕਦਾ ਹੈ। ਬੱਚਿਆਂ ਦੀ ਪਰੀਖਿਆ ਤੋਂ ਇਕ ਤਾਂ ਬੱਚਿਆਂ ਦੀ ਯੋਗਤਾ ਦਾ ਪਤਾ ਚਲਦਾ ਹੈ, ਦੂਜੇ ਉਸਤਾਦ ਨੂੰ ਵੀ ਆਪਣੇ ਪੜ੍ਹਾਉਣ-ਢੰਗ ਦੇ ਲਾਭਕਾਰੀ ਹੋਣ ਬਾਰੇ ਪਤਾ ਚਲ ਜਾਂਦਾ ਹੈ ਅਤੇ ਸਿਖਿਆ ਦੇ ਕੰਮ ਵਿਚ ਹੁਸ਼ਿਆਰ ਹੋਣ ਦਾ ਗਿਆਨ ਹੋ ਜਾਂਦਾ ਹੈ। ਇਸ ਲਈ ਸਮੇਂ ਸਮੇਂ ਬੱਚਿਆਂ ਦੀ ਪਰੀਖਿਆ ਹੁੰਦੇ ਰਹਿਣਾ ਸਿਖਿਆ ਦੇ ਕੰਮ ਲਈ ਜ਼ਰੂਰੀ ਸਮਝਿਆ ਜਾਂਦਾ ਹੈ। ਸਾਡੇ ਸਧਾਰਨ ਸਕੂਲਾਂ ਵਿਚ ਸਲਾਨਾ ਪਰੀਖਿਆਵਾਂ ਹੁੰਦੀਆਂ ਹਨ; ਇਨ੍ਹਾਂ ਤੋਂ ਬਿਨਾਂ ਤ੍ਰਿਮਾਸਿਕ ਅਤੇ ਮਾਸਿਕ ਪਰੀਖਿਆਵਾਂ ਵੀ ਹੁੰਦੀਆਂ ਹਨ। ਪਰੀਖਿਆਵਾਂ ਦੇ ਫਿਕਰ ਕਰਕੇ ਕਈ ਬੱਚੇ ਜਿਹੜੇ ਉਂਜ ਪੜਾਈ ਵਿਚ ਮਨ ਨਹੀਂ ਲਾਉਂਦੇ, ਮਨ ਲਾਕੇ ਸੰਥਾ ਯਾਦ ਕਰਦੇ ਹਨ। ਪਰੀਖਿਆ ਦੇਣ ਨਾਲ ਬੱਚੇ ਦਾ ਸ੍ਵੈ-ਭਰੋਸਾ ਵਧਦਾ ਹੈ। ਬੱਚਾ ਜਦ ਪਰੀਖਿਆ ਵਿਚ ਪਾਸ ਹੋ ਜਾਂਦਾ ਹੈ ਤਾਂ ਉਹ ਆਪਣੀ ਯੋਗਤਾ ਨੂੰ ਸਮਝ ਜਾਂਦਾ ਹੈ। ਵੇਖਿਆ ਗਿਆ ਹੈ ਕਿ ਜਿਹੜਾ ਬੱਚਾ ਪਹਿਲੇ ਦਰਜੇ ਵਿਚ ਪਾਸ ਹੁੰਦਾ ਹੈ ਉਹ ਸਦਾ ਆਪਣਾ ਦਰਜਾ ਬਣਾਈ ਰਖਣ ਦਾ ਯਤਨ ਕਰਦਾ ਹੈ। ਜਿਨ੍ਹਾਂ ਬਚਿਆਂ ਦੀ ਪਰੀਖਿਆ ਨਹੀਂ ਹੁੰਦੀ ਉਨ੍ਹਾਂ ਨੂੰ ਆਪਣੀ ਯੋਗਤਾ ਦਾ ਗਿਆਨ ਵੀ ਨਹੀਂ ਹੁੰਦਾ। ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ ਦੀ ਘਾਟ ਵੀ ਪਾਈ ਜਾਂਦੀ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪਰੀਖਿਆ ਦਾ ਹੋਣਾ ਆਪ ਕਰਕੇ ਬੱਚੇ ਲਈ ਲਾਭਕਾਰੀ ਹੈ।

ਵਰਤਮਾਨ ਪਰੀਖਿਆਵਾਂ ਦੇ ਦੋਸ਼

ਸਿਖਿਆ ਵਿਚ ਰੋਕ ਬਣਨਾ:-ਜਦ ਅਸੀਂ ਸਿਖਿਆ ਵਿਚ ਪਰੀਖਿਆ ਦੀ ਲੋੜ ਦਰਸਾਉਂਦੇ ਹਾਂ ਤਾਂ ਸਾਨੂੰ ਵਰਤਮਾਨ ਪਰੀਖਿਆ-ਵਿਧੀ ਦੇ ਦੋਸ਼ਾਂ ਨੂੰ ਅਖਾਂ ਤੋਂ ਉਹਲੇ ਨਹੀਂ ਕਰ ਦੇਣਾ ਚਾਹੀਦਾ। ਵਰਤਮਾਨ ਪਰੀਖਿਆ-ਢੰਗ ਬੱਚਿਆਂ ਦੀ ਸਮੁਚੀ ਸਿਖਿਆ ਵਿਚ ਸਹਾਇਕ ਹੋਣ ਦੀ ਥਾਂ ਰੋਕ ਬਣ ਰਿਹਾ ਹੈ। ਪਰੀਖਿਆਵਾਂ ਦੀ ਹੁਣ ਇੱਨੀ ਮਹਾਨਤਾ ਹੋ ਗਈ ਹੈ ਕਿ ਉਸਤਾਦ ਬੱਚਿਆਂ ਨੂੰ ਪਰੀਖਿਆ ਲਈ ਹੀ ਪੜ੍ਹਾਉਣ ਲੱਗ ਪਏ ਹਨ। ਕਿੱਨੇ ਹੀ ਬੱਚੇ ਨਿਰਾ ਪਾਸ ਹੋਣ ਲਈ ਲੋੜੀਂਦਾ ਹੀ ਪੜ੍ਹ ਲੈਂਦੇ ਹਨ। ਉਹ ਕਿਸੇ ਵਿਸ਼ੇ ਦਾ ਪੂਰਾ ਗਿਆਨ ਲੈਣ ਦੀ ਥਾਂ ਪਰੀਖਿਆ ਵਿਚ ਆਉਣ ਵਾਲੇ ਸੁਆਲਾਂ ਨੂੰ ਹੀ ਹਲ ਕਰਨ ਦਾ ਯਤਨ ਕਰਦੇ ਹਨ। ਇਸ ਤਰ੍ਹਾਂ ਦੇ ਯਤਨਾਂ ਕਰਕੇ ਬੱਚਿਆਂ ਨੂੰ ਪਰੀਖਿਆ ਵਿਚ ਕਾਫੀ

੨੧੩