ਪੰਨਾ:ਸਿਖਿਆ ਵਿਗਿਆਨ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੫

ਕਈ ਉਸਤਾਦ ਆਪਣੀ ਵਿਆਖਿਆ ਦੀ ਅਯੋਗਤਾ ਨੂੰ ਲੁਕਾਉਣ ਲਈ ਪ੍ਰਸ਼ਨ-ਉਤਰ ਕਰਨ ਲੱਗ ਜਾਂਦੇ ਹਨ। ਪਰ ਉਹ ਇਸ ਤਰ੍ਹਾਂ ਸੰਥਾ ਨੂੰ ਸਫ਼ਲ ਨਹੀਂ ਬਣਾਉਂਦੇ। ਉਹ ਉਸਤਾਦ ਹੀ ਵਿਆਖਿਆ ਨੂੰ ਜਮਾਤ ਵਿਚ ਸਫਲ ਬਣਾ ਸਕਦਾ ਹੈ ਜਿਸ ਨੂੰ ਆਪਣੇ ਵਿਸ਼ੇ ਦਾ ਪੂਰਾ ਗਿਆਨ ਹੈ ਅਤੇ ਸ੍ਵੈ-ਵਿਸ਼ਵਾਸ਼ ਹੈ। ਉਸਤਾਦ ਦੀ ਵਿਆਖਿਆ ਦਾ ਪਰਭਾਵ ਬੱਚਿਆਂ ਦੇ ਅਚੇਤ ਮਨ ਉਤੇ ਪੈਂਦਾ ਹੈ। ਇਸ ਨਾਲ ਬਚਿਆਂ ਵਿਚ ਆਪ ਵਿਆਖਿਆ ਕਰਨ ਦੀ ਯੋਗਤਾ ਆਉਂਦੀ ਹੈ।

ਜਮਾਤ ਵਿਚ ਪੜ੍ਹਾਉਣ ਵੇਲੇ ਹਰ ਉਸਤਾਦ ਨੂੰ ਹੇਠ ਲਿਖੀਆਂ ਗੱਲਾਂ ਨੂੰ ਧਿਆਨ ਵਿਚ ਰਖਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦਾ ਪੜ੍ਹਾਉਣ ਦਾ ਕੰਮ, ਜਮਾਤ ਲਈ ਵਧੇਰੇ ਲਾਭਦਾਇਕ ਹੋ ਜਾਂਦਾ ਹੈ।

ਅਵਾਜ਼ ਦੀ ਠੀਕ ਵਰਤੋਂ:- ਕਲਾਸ ਦੇ ਖਿੰਡੇ ਧਿਆਨ ਨੂੰ ਇਕੱਠਾ ਕਰਨ ਲਈ ਸਭ ਤੋਂ ਵਧ ਪਰਭਾਵ ਸ਼ਾਲੀ ਸਾਧਨ ਉਸਤਾਦ ਦੀ ਅਵਾਜ਼ ਹੈ। ਜਿਹੜਾ ਉਸਤਾਦ ਇਸਦੀ ਵਰਤੋਂ ਠੀਕ ਤਰ੍ਹਾਂ ਕਰਨ ਜਾਣਦਾ ਹੈ ਉਹ ਆਪਣੇ ਪੜ੍ਹਾਉਣ ਦੇ ਕੰਮ ਨੂੰ ਬਚਿਆਂ ਲਈ ਵਧ ਤੋਂ ਵਧ ਲਾਭਦਾਇਕ ਬਣਾ ਸਕਦਾ ਹੈ। ਉਸਤਾਦ ਦੀ ਅਵਾਜ਼ ਸਪਸ਼ਟ ਅਤੇ ਸਭ ਨੂੰ ਸੁਣਾਈ ਦੇਣ ਵਾਲੀ ਹੋਣੀ ਚਾਹੀਦੀ ਹੈ। ਬੋਲਣ ਵੇਲੇ ਫੇਫੜਿਆਂ ਵਿਚ ਕਾਫੀ ਹਵਾ ਹੋਣੀ ਚਾਹੀਦੀ ਹੈ। ਕਲਾਸ ਪੜ੍ਹਾਉਣ ਵੇਲੇ ਉਸਤਾਦ ਨੂੰ ਇਹ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਉਹ ਬਚਿਆਂ ਨਾਲ ਗੱਲਾਂ ਕਰ ਰਿਹਾ ਹੈ ਇਸ ਲਈ ਉਨ੍ਹਾਂ ਨਾਲ ਇਸ ਤਰ੍ਹਾਂ ਬੋਲਿਆ ਜਾਵੇ ਕਿ ਉਹ ਸਾਡੇ ਕਹੇ ਨੂੰ ਚੰਗੀ ਤਰ੍ਹਾਂ ਸੁਣ ਲੈਣ। ਇਸ ਗਲ ਨੂੰ ਧਿਆਨ ਵਿਚ ਰੱਖਆਂ ਉਸਤਾਦ ਦੀ ਅਵਾਜ਼ ਆਪਣੇ ਆਪ ਸੁਧਰ ਜਾਂਦੀ ਹੈ।

ਜਦ ਉਸਤਾਦ ਨੂੰ ਲਗਾਤਾਰ ਬੋਲਣਾ ਪਵੇ ਤਾਂ ਉਸਨੂੰ ਇਕ ਤਰ੍ਹਾਂ ਹੀ ਨਹੀਂ ਬੋਲਦੇ ਰਹਿਣਾ ਚਾਹੀਦਾ ਕਦੇ ਉੱਚੀ ਅਵਾਜ਼ ਨਾਲ ਕਦੇ ਧੀਮੀ ਅਵਾਜ਼ ਨਾਲ ਬੋਲਣਾ ਚਾਹੀਦਾ ਹੈ। ਉਸ ਨੂੰ ਇਹ ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਜਮਾਤ ਨੂੰ ਪੜ੍ਹਾਉਣਾ ਲੈਕਚਰਬਾਜ਼ੀ ਨਹੀਂ। ਜਮਾਤ ਵਿਚ ਚੀਕਣ ਦੀ ਲੋੜ ਨਹੀਂ; ਬਚਿਆਂ ਨਾਲ ਗਲਾਂ ਕਰਨ ਦੀ ਲੋੜ ਹੈ। ਬਚਿਆਂ ਦੇ ਚਿਹਰਿਆਂ ਨੂੰ ਸਦਾ ਵੇਖਦੇ ਰਹਿਣਾ ਚਾਹੀਦਾ ਹੈ। ਜਦ ਕੋਈ ਬੱਚਾ ਘਬਰਾਇਆ ਹੋਇਆ ਜਿਹਾ ਵਿਖਾਈ ਦੇਵੇ ਤਾਂ ਰੁਕਕੇ ਉਸਨੂੰ ਪੁਛਣਾ ਚਾਹੀਦਾ ਹੈ ਕਿ ਉਹ ਕੀ ਨਹੀਂ ਸਮਝਿਆ। ਉਸਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਬੋਲਦਿਆਂ ਬੋਲਦਿਆਂ ਵਿਚ ਵਿਚ ਰੁਕ ਜਾਣਾ ਵੀ ਜ਼ਰੂਰੀ ਹੈ, ਤਾਂ ਜੁ ਬਚਿਆਂ ਨੂੰ ਦੱਸੀਆਂ ਗਲਾਂ ਉਨ੍ਹਾਂ ਦੇ ਮਨ ਵਿਚ ਬੈਠ ਜਾਣ। ਜਿਹੜੇ ਉਸਤਾਦ ਜਲਦੀ ਜਲਦੀ ਬੋਲਦੇ ਹਨ ਉਹ ਬਚਿਆਂ ਦੇ ਮਨ ਵਿਚ ਘਬਰਾਹਟ ਪੈਦਾ ਕਰ ਦਿੰਦੋ ਹਨ। ਬਚਿਆਂ ਨੂੰ ਉਸਤਾਦ ਦੇ ਵਿਚਾਰ ਗ੍ਰਹਿਣ ਕਰਨ ਵਿਚ ਸਮਾਂ ਲਗਦਾ ਹੈ। ਵਿਚਾਰ ਉਨ੍ਹਾਂ ਲਈ ਨਵੇਂ ਹੁੰਦੇ ਹਨ। ਇਸ ਲਈ ਜਦ ਤਕ ਬਚਿਆਂ ਦੇ ਮਨ ਵਿਚ ਨਵੀਆਂ ਗਲਾਂ ਬੈਠਣ ਲਈ ਸਮਾਂ ਨਾ ਦਿਤਾ ਜਾਵੇ ਉਨ੍ਹਾਂ ਨੂੰ ਦੱਸੀ ਗਲ ਬਿਅਰਥ ਚਲੀ ਜਾਂਦੀ ਹੈ।

ਪੜ੍ਹਾਉਣ ਵੇਲੇ ਉਸਤਾਦ ਦੀ ਨਜ਼ਰ ਪਿੱਛੇ ਬੈਠੇ ਬਚਿਆਂ ਵਲ ਖਾਸ ਤੌਰ ਤੇ ਹੋਣੀ ਚਾਹੀਦੀ ਹੈ। ਵੇਖਿਆ ਗਿਆ ਹੈ ਇਥੇ ਹੀ ਪਛੱੜੇ ਹੋਏ ਬੱਚੇ ਬੈਠੇ ਹੁੰਦੇ ਹਨ। ਇਸ ਲਈ ਜਿਹੜੀ ਗਲ ਉਨ੍ਹਾਂ ਦੀ ਸਮਝ ਵਿਚ ਆ ਗਈ ਉਹ ਕਲਾਸ ਦੇ ਸਾਰੇ ਬੱਚਿਆਂ ਦੀ ਸਮਝ