ਪੰਨਾ:ਸਿਖਿਆ ਵਿਗਿਆਨ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੪

ਉਸਤਾਦ ਬਚਿਆਂ ਨੂੰ ਇਕ ਦੱਮ ਟੋਕ ਦਿੰਦੇ ਹਨ। ਇਸ ਨਾਲ ਉਨ੍ਹਾਂ ਦੇ ਵਿਚਾਰ ਬੇ-ਤਰਤੀਬੇ ਹੋ ਜਾਂਦੇ ਹਨ। ਜੋ ਕੁਝ ਉਨ੍ਹਾਂ ਨੂੰ ਆਉਂਦਾ ਹੁੰਦਾ ਹੈ ਉਹ ਵੀ ਭੁਲ ਜਾਂਦਾ ਹੈ। ਉਸਤਾਦ ਦਾ ਲਹਿਜਾ ਜਦ ਬਚਿਆਂ ਦੇ ਹਿਰਦੇ ਵਿਚ ਉਤਸ਼ਾਹ ਵਧਾਉਂਦਾ ਹੈ ਤਾਂ ਹਰ ਬੱਚਾ ਪ੍ਰਸ਼ਨ ਦਾ ਉਤਰ ਦੇਣ ਲਈ ਬਿਹਬਲ ਰਹਿੰਦਾ ਹੈ। ਬਚਿਆਂ ਨੂੰ ਆਪਣੇ ਉਤਰ ਬਾਰੇ ਠੀਕ ਜਾਂ ਗਲਤ ਹੋਣ ਦਾ ਯਕੀਨ ਨਹੀਂ ਹੁੰਦਾ। ਇਸ ਕਾਰਨ ਜਦ ਉਸਤਾਦ ਦੇ ਚਿਹਰੇ ਦਾ ਰੰਗ ਢੰਗ ਢੁਕਵਾਂ ਨਹੀਂ ਹੁੰਦਾ ਤਾਂ ਬਹੁਤੇ ਬੱਚੇ ਠੀਕ ਉਤਰ ਜਾਣਦਿਆਂ ਵੀ ਉਸਤਾਦ ਅੱਗੇ ਉਹ ਉਤਰ ਨੂੰ ਦਸਣ ਦਾ ਹੌਂਸਲਾ ਰਹੀਂ ਕਰਦੇ। ਗਲਤ ਉਤਰ ਦੇਣ ਨਾਲ ਆਪਣੇ ਸਾਥੀ ਬਚਿਆਂ ਸਾਹਮਣੇ ਸ੍ਵੈ-ਮਾਨ ਨੂੰ ਸੱਟ ਵਜਦੀ ਹੈ। ਦੂਜੇ, ਬੱਚੇ ਉਨ੍ਹਾਂ ਨੂੰ ਵਾਧੂ ਸਮਝਣ ਲਗ ਜਾਂਦੇ ਹਨ। ਉਤਰ ਨਾ ਦੇਣ ਉਤੇ ਅਜਿਹਾ ਨਹੀਂ ਹੁੰਦਾ। ਇਸ ਲਈ ਬਹੁਤ ਸਾਰੇ ਬੱਚੇ ਪ੍ਰਸ਼ਨ ਦੇ ਉਤਰ ਦੇਣ ਦੇ ਪੁਆੜੇ ਤੋਂ ਬਚਣ ਦਾ ਯਤਨ ਕਰਦੇ ਹਨ। ਜਿਨ੍ਹਾਂ ਬਚਿਆਂ ਦੇ ਮਨ ਵਿਚ ਸ੍ਵੈ-ਗਿਲਾਨੀ ਦੀ ਭਾਵਨਾ ਹੁੰਦੀ ਹੈ ਉਹ ਤਾਂ ਪ੍ਰਸ਼ਨਾਂ ਦਾਂ ਉਤਰ ਦੇਣ ਤੋਂ ਹੋਰ ਵੀ ਆਪਣੀ ਜਾਣ ਖਲਾਸੀ ਕਰਵਾਉਂਦੇ ਹਨ। ਅਜਿਹੇ ਬਚਿਆਂ ਦੀ ਮਾਨਸਿਕ ਹਾਲਤ ਨੂੰ ਸਮਝ ਕੇ ਉਨ੍ਹਾਂ ਨੂੰ ਉਤਸ਼ਾਹ ਦਿੰਦਿਆਂ ਪ੍ਰਸ਼ਨ ਦਾ ਉਤਰ ਦੇਣ ਲਈ ਕਹਿਣਾ ਚਾਹੀਦਾ ਹੈ। ਕਦੇ ਕਦੇ ਉਸਤਾਦ ਉਪਰੋਂ ਘਟੀਆ ਬੁਧੀ ਦੇ ਦਿਸਣ ਵਾਲੇ ਬਚਿਆਂ ਵਿਚ ਅਸਾਧਾਰਨ ਪ੍ਰਤਿਭਾ ਵੇਖਣਗੇ।

ਵਿਆਖਿਆ

ਸਾਡੇ ਵਰਤਮਾਨ ਸਕੂਲਾਂ ਵਿਚ ਬੱਚੇ ਜਮਾਤ ਵਿਚ ਬੈਠਕੇ ਪੜ੍ਹਦੇ ਹਨ। ਕਈ ਬੱਚੇ ਇਕ ਜਮਾਤ ਵਿਚ ਇਕੱਠੇ ਇਕ ਵਿਸ਼ੇ ਨੂੰ ਪੜ੍ਹਦੇ ਹਨ। ਇਸ ਤਰ੍ਹਾਂ ਦੀ ਪੜ੍ਹਾਈ ਵਿਚ ਉਸਤਾਦ ਦੀ ਵਿਆਖਿਆ ਦੀ ਭਾਰੀ ਮਹੱਤਾ ਹੁੰਦੀ ਹੈ। ਜਿਸ ਉਸਤਾਦ ਨੂੰ ਵਿਆਖਿਆ ਕਰਨ ਦੀ ਯੋਗਤਾ ਨਹੀਂ ਉਸ ਦਾ ਉਸਤਾਦ ਬਨਣਾ ਹੀ ਔਖਾ ਹੈ। ਉਸਤਾਦ ਨੂੰ ਨਾ ਨਿਰਾ ਬਚਿਆਂ ਨਾਲ ਪ੍ਰਸ਼ਨ-ਉਤਰ ਹੀ ਕਰਨਾ ਪੈਂਦਾ ਹੈ ਸਗੋਂ ਉਸਨੂੰ ਆਪ ਬਚਿਆਂ ਨੂੰ ਕਈ ਗਲਾਂ ਕਹਿਣੀਆਂ ਪੈਂਦੀਆਂ ਹਨ। ਇਸ ਲਈ ਸੁਚੱਜੀ ਵਿਆਖਿਆ ਦੀ ਵਿਧੀ ਨੂੰ ਜਾਨਣਾ ਉਸਤਾਰ ਲਈ ਬੜਾ ਜ਼ਰੂਰੀ ਹੈ। ਪ੍ਰਸ਼ਨ-ਉਤਰ ਰਾਹੀਂ ਬਾਲਕਾਂ ਦੇ ਵਿਚਾਰ ਤਰਤੀਬ ਸਿਰ ਅਤੇ ਸੰਗਠਿਤ ਨਹੀਂ ਹੁੰਦੇ। ਵਿਚਾਰਾਂ ਨੂੰ ਇਕ ਲੜੀ ਵਿਚ ਗੁੰਦਨ ਲਈ ਵਿਆਖਿਆ ਦੀ ਲੋੜ ਬੜੀ ਹੈ। ਉਸਤਾਦ ਵਿਚ ਜਿਸ ਤਰ੍ਹਾਂ ਪ੍ਰਸ਼ਨ-ਉਤਰ ਕਰਨ ਦੀ ਯੋਗਤਾ ਅਭਿਆਸ ਨਾਲ ਆਉਂਦੀ ਹੈ ਇਸੇ ਤਰ੍ਹਾਂ ਵਿਆਖਿਆ ਕਰਨ ਦੀ ਯੋਗਤਾ ਵੀ ਅਭਿਆਸ ਨਾਲ ਆਉਂਦੀ ਹੈ।

ਹਰ ਉਸਤਾਦ ਨੂੰ ਸਦਾ ਇਹ ਵੇਖਣਾ ਚਾਹੀਦਾ ਹੈ ਕਿ ਕਿਥੇ ਪ੍ਰਸ਼ਨ ਕਰਨਾ ਉਚਿਤ ਹੈ ਅਤੇ ਕਿਥੇ ਆਪ ਵਿਆਖਿਆ ਕਰਨਾ। ਕਿਨੇ ਹੀ ਉਸਤਾਦ ਪ੍ਰਸ਼ਨ ਕਰਨ ਦੀ ਥਾਂ ਵਿਆਖਿਆ ਕਰਨ ਲਗ ਜਾਂਦੇ ਹਨ ਅਤੇ ਵਿਆਖਿਆ ਕਰਨ ਦੀ ਥਾਂ ਪ੍ਰਸ਼ਨ ਕਰਨ ਲਗ ਜਾਂਦੇ ਹਨ। ਜੇ ਇਕ ਉਸਤਾਦ ਨੇ ਰੇਖਾਗਣਿਤ ਦਾ ਸਿਧਾਂਤ ਜਮਾਤ ਵਿਚ ਸਾਬਤ ਕਰਨਾ ਸਿਖਾਣਾ ਹੈ ਤਾਂ ਸੰਥਾ ਵਿਚ ਬਹੁਤਾ ਕਰਕੇ ਪ੍ਰਸ਼ਨ ਉਤਰ ਦੇ ਢੰਗ ਤੋਂ ਕੰਮ ਲੈਣਾ ਪਵੇਗਾ। ਪਰ ਜੇ ਕਿਸੇ ਉਸਤਾਦ ਨੇ ਭੂਗੋਲ ਅਤੇ ਇਤਿਹਾਸ ਦੀ ਸੰਥਾ ਦੇਣੀ ਹੈ ਤਾਂ ਉਸਨੂੰ ਵਿਆਖਿਆ ਤੋਂ ਵਧੇਰੇ ਕੰਮ ਲੈਣਾ ਅਵੇਗਾ। ਪ੍ਰਸ਼ਨ ਉਨ੍ਹਾਂ ਗਲਾਂ ਬਾਰੇ ਹੀ ਪੁੱਛੇ ਜਾ ਸਕਦੇ ਹਨ ਜਿਹੜੀਆਂ ਬਚਿਆਂ ਨੂੰ ਪਤਾ ਹਨ। ਜਿਨ੍ਹਾਂ ਗਲਾਂ ਦਾ ਗਿਆਨ ਬਚਿਆਂ ਨੂੰ ਨਹੀਂ ਹੈ ਅਤੇ ਜਿਨ੍ਹਾਂ ਨੂੰ ਉਨ੍ਹਾਂ ਜਮਾਤ ਵਿਚ ਹੀ ਸਿਖਣਾ ਹੈ ਉਨ੍ਹਾਂ ਬਾਰੇ ਪ੍ਰਸ਼ਨ ਪੁਛਣਾ ਬਿਅਰਥ ਹੈ।