ਪੰਨਾ:ਸਿਖਿਆ ਵਿਗਿਆਨ.pdf/127

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੪

ਜਾਂਦੇ ਹਨ ਕਿ ਉਪਰਲੇ ਨਿਯਮ ਵਿਚ ਸਦਾ ਅੱਗੇ ਵਧਨ ਉਤੇ ਜ਼ੋਰ ਦਿੱਤਾ ਗਿਆ ਹੈ। ਬੱਚੇ ਦੀ ਸਿਖਿਆ ਤਾਂ ਹੀ ਠੀਕ ਢੰਗ ਨਾਲ ਹੁੰਦੀ ਹੈ ਜਦ ਅਸੀਂ ਉਸ ਦਾ ਸਦਾ ਅੱਗੇ ਵਧਨ ਦਾ ਉਤਸ਼ਾਹ ਬਣਾਈ ਰੱਖੀਏ। ਇਸ ਦੇ ਲਈ ਜਿਥੇ ਇਕ ਪਾਸੇ ਸਾਨੂੰ ਇਹ ਵਿਚਾਰਾਂ ਵੇਖਣਾ ਜ਼ਰੂਰੀ ਕਿ ਉਸ ਦਾ ਹਰ ਤਰਾਂ ਦਾ ਗਿਆਨ ਉਸ ਦੇ ਤਜਰਬੇ ਦੇ ਆਧਾਰ ਉਤੇ ਹੈ, ਉਥੇ ਸਾਨੂੰ ਇਹ ਵੇਖਣਾ ਵੀ ਜ਼ਰੂਰੀ ਹੈ ਕਿ ਬੱਚਾ ਲੋੜ ਤੋਂ ਵਧ ਸਥੂਲ ਚੀਜ਼ਾਂ ਤੇ ਹੀ ਨਾ ਖੜਾ ਰਹੇ। ਸੂਖਮ ਵਿਚਾਰਾਂ ਨੂੰ ਸਮਝਣ ਦੀ ਯੋਗਤਾ ਦੇਣਾ ਅਤੇ ਆਪਣੇ ਆਪ ਸੂਖਮ ਵਿਚਾਰਾਂ ਨੂੰ ਸੋਧ ਸਕਣ ਦੀ ਯੋਗਤਾ ਦਾ ਵਿਕਾਸ ਕਰਨਾ-ਇਹ ਬੱਚੇ ਦੀ ਬੌਧਿਕ ਸਿਖਿਆ ਦਾ ਨਿਸ਼ਾਨਾ ਹੈ, ਅਤੇ ਇਸ ਨਿਸ਼ਾਨੇ ਦੀ ਪਰਾਪਤੀ ਤਾਂ ਹੀ ਹੋ ਸਕਦੀ ਹੈ ਜਦ ਉਸਤਾਦ ਬੱਚੇ ਦੇ ਸੂਖਮ ਵਿਚਾਰ ਕਰਨ ਦੇ ਹਰ ਯਤਨ ਨੂੰ ਉਤਸ਼ਾਹ ਦਿੰਦਾ ਰਹੇ। ਜਦ ਬਚਿਆਂ ਨੂੰ ਹਰ ਸੂਖਮ ਗਲ ਸਥੂਲ ਉਦਾਹਰਨਾਂ ਨਾਲ ਸਮਝਾਉਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਵਿਚ ਸਦਾ ਸਥੂਲ ਵਿਚ ਹੀ ਰਹਿਣ ਦੀ ਆਦਤ ਪੈ ਜਾਂਦੀ ਹੈ। ਇਸ ਨਾਲ ਪੜ੍ਹਾਈ ਦਾ ਵਿਸ਼ਾ ਸੁਆਦੀ ਭਾਵੇਂ ਬਣ ਜਾਵੇ, ਬੌਧਿਕ ਲਾਭ ਵਧੇਰੇ ਨਹੀਂ ਹੋਵੇਗਾ।

ਗਿਆਤ ਤੋਂ ਅਗਿਆਤ ਵੱਲ:-ਸਿਖ਼ਾਈ-ਵਿਧੀ ਦਾ ਤੀਜਾ ਨਿਯਮ ਇਹ ਹੈ ਕਿ ਉਸਤਾਦ ਬਚੇ ਦੀਆਂ ਜਾਣੀਆਂ ਬੁਝੀਆਂ ਗੱਲਾਂ ਤੋਂ ਚਲਕੇ ਉਨ੍ਹਾਂ ਗੱਲਾਂ ਵਲ ਵਧੇ ਜਿਹੜੀਆਂ ਬੱਚਾ ਨਹੀਂ ਜਾਣਦਾ। ਇਸ ਨਿਯਮ ਅਨੁਸਾਰ ਉਸਤਾਦ ਨੂੰ ਚਾਹੀਦਾ ਹੈ ਕਿ ਕਿਸੇ ਸੰਥਾ ਨੂੰ ਪੜਾਉਣ ਤੋਂ ਪਹਿਲਾਂ ਇਹ ਜਾਨਣ ਦਾ ਯਤਨ ਕਰੇ ਕਿ ਬੱਚਾ ਉਸ ਵਿਸ਼ੇ ਬਾਰੇ ਕੀ ਜਾਣਦਾ ਹੈ। ਸੰਥਾ ਅਰੰਭ ਕਰਨ ਤੋਂ ਪਹਿਲਾਂ ਕੁਝ ਸੁਆਲ ਪੁਛਕੇ ਉਸ ਗਿਆਨ ਨੂੰ ਉਨ੍ਹਾਂ ਦੀ ਯਾਦ ਵਿਚ ਤਾਜ਼ਾ ਕਰ ਲੈਣਾ ਚਾਹੀਦਾ ਹੈ। ਇਸ ਗਿਆਨ ਦੇ ਅਧਾਰ ਉਤੇ ਫਿਰ ਉਸਤਾਦ ਨੂੰ ਨਵਾਂ ਗਿਆਨ ਦੇਣਾ ਚਾਹੀਦਾ ਹੈ। ਉਸਤਾਦ ਨੂੰ ਚਾਹੀਦਾ ਹੈ ਕਿ ਨਵੇਂ ਗਿਆਨ ਦੀ ਹਰ ਗਲ ਦਾ ਸਬੰਧ ਬੱਚੇ ਦੇ ਪਹਿਲੇ ਗਿਆਨ ਨਾਲ ਜੋੜਦਾ ਜਾਵੇ। ਜਦ ਇਸੇ ਤਰ੍ਹਾਂ ਬੱਚਾ ਕੋਈ ਗਿਆਨ ਪਰਾਪਤ ਕਰਦਾ ਹੈ ਤਾਂ ਇਕ ਤਾਂ ਸੰਥਾ ਸੁਆਦੀ ਹੋ ਜਾਂਦੀ ਹੈ ਜੋ ਦੂਜੇ ਉਸਦਾ ਗਿਆਨ ਉਹਦੇ ਮਨ-ਪਰਦੇ ਉਤੇ ਠੀਕ ਤਰ੍ਹਾਂ ਲਕੀਰਿਆ ਜਾਂਦਾ ਹੈ। ਉਸਦਾ ਨਵਾਂ ਗਿਆਨ ਹੁਣ ਉਸਦੀ ਬੁਧੀ ਦਾ ਅੰਗ ਬਣ ਜਾਂਦਾ ਹੈ।

ਗਿਆਤ ਤੋਂ ਅਗਿਆਤ ਵਲ ਵਧਨ ਦਾ ਨਿਯਮ ਬਚਿਆਂ ਦੀ ਸੰਥਾ ਵਿਚ ਰੁਚੀ ਵਧਾਉਣ ਲਈ ਖਾਸ ਜ਼ਰੂਰੀ ਹੈ। ਬਚਿਆਂ ਦਾ ਧਿਆਨ ਖਿਚਣ ਲਈ ਜਰੂਰੀ ਹੈ ਕਿ ਸੰਥਾ ਵਿਚ ਨਾ ਨਿਰੀਆਂ ਨਵੀਆਂ ਗਲਾਂ ਹੋਣ ਅਤੇ ਨਾ ਨਿਰੀਆਂ ਪੁਰਾਣੀਆਂ, ਪਾਠ ਵਿਚ ਕੁਝ ਜਾਣੀਆਂ ਤੇ ਕੁਝ ਅਣਜਾਣੀਆਂ ਗਲਾਂ ਹੋਣ ਤਾਂ ਹੀ ਪਾਠ ਸੁਆਦੀ ਹੁੰਦਾ ਹੈ ਅਤੇ ਉਨ੍ਹਾਂ ਦੇ ਧਿਆਨ ਨੂੰ ਖਿਚਦਾ ਹੈ। ਜਦ ਕੋਈ ਉਸਤਾਦ ਆਪਣੇ ਪਾਠ ਵਿਚ ਪੁਰਾਣੀਆਂ ਗੱਲਾਂ ਹੀ ਦੁਹਰਾਉਂਦਾ ਰਹਿੰਦਾ ਹੈ ਤਾਂ ਬੱਚਿਆਂ ਦਾ ਮਨ ਉਸ ਦੇ ਪੜ੍ਹਨ ਤੋਂ ਉਖੜ ਜਾਂਦਾ ਹੈ। ਇਸ ਤਰ੍ਹਾਂ ਜਿਹੜਾ ਉਸਤਾਦ ਬਚਿਆਂ ਨੂੰ ਠਵੀਆਂ ਗਲਾਂ ਇਕ ਦਮ ਹੀ ਦਸਣ ਲੱਗ ਜਾਂਦਾ ਹੈ, ਉਨ੍ਹਾਂ ਨੂੰ ਬਾਲਕ ਨਾ ਸਮਝ ਸਕਦੇ ਹਨ ਅਤੇ ਨਾ ਉਨ੍ਹਾਂ ਵਿਚ ਆਪਣਾ ਧਿਆਨ ਗੱਡ ਸਕਦੇ ਹਨ।

ਮੰਨ ਲੈ, ਕੋਈ ਉਸਤਾਦ ਬੱਚਿਆਂ ਨੂੰ ਦਸ਼ਮਲਵ ਦਾ ਜੋੜ ਸਮਝਾਉਣਾ ਚਾਹੁੰਦਾ ਹੈ। ਉਸ ਲਈ ਇਹ ਜ਼ਰੂਰੀ ਹੈ ਕਿ ਉਹ ਇਹ ਜਾਣ ਲਵੇ ਕਿ ਬੱਚੇ ਕਿਥੋਂ ਕੁ ਤਕ ਭਿੰਨ ਦੇ