ਪੰਨਾ:ਸਿਖਿਆ ਵਿਗਿਆਨ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੦੯

ਕਿਹੜੀ ਗਲ ਬੱਚੇ ਚੰਗੀ ਤਰ੍ਹਾਂ ਸਮਝ ਗਏ ਹਨ ਅਤੇ ਕਿਹੜੀ ਉਨ੍ਹਾਂ ਦੀ ਸਮਝ ਵਿਚ ਨਹੀਂ ਬੈਠੀ। ਬਚਿਆਂ ਦਾ ਪਰਾਪਤ ਗਿਆਨ ਹੀ ਉਸਤਾਦ ਦਾ ਅਗੇ ਤੁਰਨ ਦਾ ਥਾਂ ਟਿਕਾਣਾ ਹੈ।

ਸਿਖਾਈ-ਵਿਧੀ ਬਾਰੇ ਤੀਜੀ ਜ਼ਰੂਰੀ ਗਲ, ਠੀਕ ਰਾਹ ਦਾ ਬੰਨ੍ਹ ਲੈਣਾ ਹੈ। ਇਕ ਤਰ੍ਹਾਂ ਵੇਖਿਆ ਜਾਵੇ ਤਾਂ ਰਾਹ ਚਲਣ ਨਾਲ ਹੀ ਬਝਦਾ ਹੈ। ਜਿਵੇਂ ਜਿਵੇਂ ਉਸਤਾਦ ਦਾ ਪੜ੍ਹਾਉਣ ਦਾ ਤਜਰਬਾ ਵਧਦਾ ਜਾਂਦਾ ਹੈ ਤਿਵੇਂ ਤਿਵੇਂ ਉਹ ਨਵੇਂ ਰਾਹ ਦੀਆਂ ਪੈੜਾਂ ਪਾਉਂਦਾ ਜਾਂਦਾ ਹੈ। ਉਸਤਾਦ ਸਦਾ ਵੇਖਦਾ ਰਹਿੰਦਾ ਹੈ ਕਿ ਸੌਖਾ ਰਾਹ ਕਿਹੜਾ ਹੈ। ਕਿਸੇ ਨਾ ਕਿਸੇ ਤਰ੍ਹਾਂ ਸੰਥਾ ਮੁਕਾ ਲੈਣਾ ਪੜ੍ਹਾਈ ਦਾ ਕੋਈ ਗੁਣ ਨਹੀਂ। ਪੜ੍ਹਾਈ ਦੀ ਖੂਬੀ ਵਿਸ਼ੇ ਨੂੰ ਬਾਲਕਾਂ ਸਮਝ ਵਿਚ ਲਿਆਉਣਾ ਅਤੇ ਵਿਸ਼ੇ ਨੂੰ ਸੁਆਦੀ ਬਣਾਉਣ ਹੈ। ਜਿਸ ਢੰਗ ਨਾਲ ਪਾਠ ਵਿਸ਼ੇ ਵਿਚ ਬਚਿਆਂ ਦਾ ਪਿਆਰ ਵਧਦਾ ਹੈ, ਉਤਸ਼ਾਹ ਵਧਦਾ ਹੈ ਅਤੇ ਜਿਸ ਨਾਲ ਆਪਣੇ ਆਪ ਹੀ ਉਨ੍ਹਾਂ ਵਿਚ ਕੰਮ ਕਰਨ ਦੀ ਭਾਵਨਾ ਪੈਦਾ ਹੋ ਜਾਵੇ ਉਹ ਢੰਗ ਹੀ ਵਧੀਆ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਹਰ ਸੰਥਾ ਬੱਚੇ ਦੇ ਦ੍ਰਿਸ਼ਟੀਕੋਣ ਤੋਂ ਪੜ੍ਹਾਈ ਜਾਵੇ ਅਤੇ ਉਸਤਾਦ ਆਪਣੇ ਸਾਰੇ ਗਿਆਨ ਨੂੰ ਇਕ ਵਾਰ ਹੀ ਬਚਿਆਂ ਨੂੰ ਦੇਣ ਦਾ ਯਤਨ ਨਾ ਕਰੇ। ਜਿਥੋਂ ਤਕ ਹੋ ਸਕੇ ਬਚਿਆਂ ਦੇ ਪ੍ਰਸ਼ਨਾਂ ਦੇ ਉਤਰ ਵਿਚ ਹੀ ਉਨ੍ਹਾਂ ਨੂੰ ਵਧੇਰੇ ਗਿਆਨ ਦਿਤਾ ਜਾਵੇ। ਜਿਹੜੀ ਗਲ ਬੱਚੇ ਦੀ ਸਮਝ ਵਿਚ ਨਹੀਂ ਆਉਂਦੀ ਉਸਨੂੰ ਬਦੋਬਦੀ ਨਾ ਠੋਸਿਆ ਜਾਵੇ। ਉਸਤਾਦ ਨੂੰ ਬੱਚੇ ਦੇ ਤਜਰਬੇ ਨੂੰ ਸਦਾ ਧਿਆਨ ਵਿਚ ਰਖਣਾ ਪਵੇਗਾ, ਅਤੇ ਉਸ ਨੂੰ ਨਵਾਂ ਗਿਆਨ ਇਸ ਤਰ੍ਹਾਂ ਦੇਣਾ ਹੋਵੇਗਾ ਜਿਸ ਨਾਲ ਉਸ ਦੀ ਸੁਤੰਤਰ ਸੋਚਣ ਦੀ ਸ਼ਕਦੀ ਦੀ ਹਾਨੀ ਨਾ ਹੋਵੇ। ਬਚਿਆਂ ਦੀ ਸਿਖਿਆ ਦੇ ਦੋ ਨਿਸ਼ਾਨੇ ਹਨ—ਉਸਦੇ ਗਿਆਨ ਵਿਚ ਵਾਧਾ ਕਰਨਾ ਅਰਥਾਤ ਉਸਨੂੰ ਕੋਈ ਨਵਾਂ ਗਿਆਨ ਦੇਣਾ ਅਤੇ ਉਸ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਵਧਾਉਣਾ। ਜਦ ਉਸਤਾਦ ਬਾਲਕਾਂ ਨੂੰ ਵਧੇਰੇ ਗਿਆਨ ਦੇਣ ਲਈ ਉਤਾਵਲਾ ਹੋ ਜਾਂਦਾ ਤਾਂ ਬੱਚੇ, ਜਿਥੋਂ ਤਕ ਹੋ ਸਕੇ, ਗਿਆਨ ਨੂੰ ਉਸਤਾਦ ਦੇ ਕਹੇ ਅਨੁਸਾਰ ਗ੍ਰਹਿਣ ਕਰ ਲੈਂਦੇ ਹਨ। ਉਹ ਉਨ੍ਹਾਂ ਦੀ ਸਮਝ ਵਿਚ ਠੀਕ ਤਰ੍ਹਾਂ ਨਹੀਂ ਬੈਠਦਾ। ਜੋ ਨਿਤ ਦਿਨ ਬੱਚੇ ਉਸਤਾਦ ਉਤੇ ਵਿਸ਼ਵਾਸ਼ ਕਰਕੇ ਨਵਾਂ ਗਿਆਨ ਆਪਣੇ ਦਮਾਗ ਵਿਚ ਇੱਕਠਾ ਕਰਦੇ ਜਾਂਦੇ ਹਨ ਤਾਂ ਉਹ ਗਿਆਨ ਉਨ੍ਹਾਂ ਦੇ ਦਮਾਗ ਤੇ ਭਾਰ ਬਣ ਜਾਂਦਾ ਹੈ। ਇਸ ਨਾਲ ਉਨ੍ਹਾਂ ਦੀ ਸੁਤੰਤਰ ਸੋਚਣ ਦੀ ਸ਼ਕਤੀ ਦੀ ਹਾਨੀ ਹੁੰਦੀ ਹੈ ਅਤੇ ਉਹ ਘਟੀਆ ਬੁਧੀ ਵਾਲੇ ਬਣ ਜਾਂਦੇ ਹਨ। ਉਨ੍ਹਾਂ ਦਾ ਪਰਾਪਤ ਕੀਤਾ ਗਿਆਨ ਉਨ੍ਹਾਂ ਦੀ ਬੁਧੀ ਦਾ ਵਿਕਾਸ ਕਰਨ ਦੀ ਥਾਂ ਹਾਨੀ ਕਰਦਾ ਹੈ।

ਜਿਹੜਾ ਗਿਆਨ ਬਾਲਕ ਆਪਣੇ ਯਤਨਾਂ ਨਾਲ ਅਤੇ ਆਪਣੀ ਲੋੜ ਅਤੇ ਯੋਗਤਾ ਅਨੁਸਾਰ ਗ੍ਰਹਿਣ ਕਰਦਾ ਹੈ ਉਸਦਾ ਸਿਟਾ ਉਪਰ ਦਸੇ ਦੇ ਉਲਟ ਹੁੰਦਾ ਹੈ। ਜਿਸ ਤਰ੍ਹਾਂ ਭੁਖ ਲਗਣ ਤੇ ਜਿਹੜਾ ਖਾਣਾ ਖਾਧਾ ਜਾਂਦਾ ਹੈ ਉਹ ਸਰੀਰ ਦਾ ਅੰਗ ਬਣ ਜਾਂਦਾ ਹੈ, ਸਰੀਰ ਦਾ ਬਲ ਵਧਾਉਂਦਾ ਹੈ ਅਤੇ ਉਸ ਵਿਚ ਨਵੀਂ ਜ਼ਿੰਦਗੀ ਭਰਦਾ ਹੈ, ਉਸੇ ਤਰ੍ਹਾਂ ਗਿਆਨ ਦੀ ਭੁਖ ਹੋਣ ਉਤੇ ਜਿਹੜੀਆਂ ਗਲਾਂ ਬੱਚਾ ਸਿਖਦਾ ਹੈ ਉਸ ਨਾਲ ਬੱਚੇ ਦਾ ਦਮਾਗ ਵਧਦਾ ਹੈ ਅਤੇ ਉਸ ਵਿਚ ਨਵੇਂ ਨਵੇਂ ਫੁਰਨੇ ਫੁਰਦੇ ਹਨ। ਯੋਗ ਸਿਖਾਈ ਦੀ ਵਿਧੀ ਉਹ ਹੈ ਜਿਸ ਨਾਲ ਗਿਆਨ ਬੱਚੇ ਨੂੰ ਇਸ ਤਰ੍ਹਾਂ ਮਿਲੇ ਕਿ ਉਸ ਨਾਲ ਉਸਦੀ ਸੁਤੰਤਰ ਸੋਚ ਦੀ ਹਾਨੀ ਹੋਣ