ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁੱਗਲ ਸਾਹਿਤਕ ਜਾਂ ਕਲਾ-ਜੁਗਤਾਂ ਵਜੋਂ ਵਰਤਦਾ ਹੈ। ਇਹ ਕਲਾ-ਜੁਗਤਾਂ ਉਸ ਦੇ ਵਸਤੂ-ਜਗਤ ਦਾ ਹਿੱਸਾ ਹੁੰਦੀਆਂ ਹੋਈਆਂ ਵੀ ਮਹੱਤਤਾ ਵਿਸ਼ੇ-ਵਸਤੂ ਨੂੰ ਉਘਾੜਣ ਵਿਚ ਹੀ ਰਖਦੀਆਂ ਹਨ। ਇਥੇ ਅਸੀਂ ਉਸ ਦੀਆਂ ਉਹਨਾਂ ਕਹਾਣੀਆਂ ਨੂੰ ਲੈ ਸਕਦੇ ਹਾਂ, ਜਿਥੇ ਉਹ ਸੈਕਸ ਨੂੰ ਜੁਗਤ ਵਜੋਂ ਵਰਤਦਾ ਹੈ। ਮੇਰਾ ਖਿਆਲ ਹੈ ਕਿ ਹੁਣ ਅਸੀਂ ਕਾਫ਼ੀ ਹੱਦ ਤਕ ਸਮਝ ਗਏ ਹਾਂ ਕਿ ਜਿਨ੍ਹਾਂ ਰਚਨਾਵਾਂ ਵਿਚ ਦੁੱਗਲ ਸੈਕਸ ਨੂੰ ਸਾਹਿਤਕ-ਜੁਗਤ ਵਜੋਂ ਵਰਤਦਾ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਚ ਉਹ ਕੋਈ ਨਾ ਕੋਈ ਇਖ਼ਲਾਕੀ ਸੰਬਾਦ ਰਚ ਰਿਹਾ ਹੁੰਦਾ ਹੈ, ਜਾਂ ਉਹਨਾਂ ਹਾਲਤਾਂ ਤੋਂ ਪਰਦਾ ਲਾਹ ਰਿਹਾ ਹੁੰਦਾ ਹੈ, ਜਿਹੜੀਆਂ ਮਨੁੱਖ ਨੂੰ ਛਲ ਰਹੀਆਂ ਹੁੰਦੀਆਂ ਹਨ ਜਾਂ ਉਸ ਨੂੰ ਮਨੁੱਖਤਾ ਤੋਂ ਹੀਣ ਕਰਦੀਆਂ ਜਾ ਰਹੀਆਂ ਹੁੰਦੀਆਂ ਹਨ। "ਇਕ ਜਨਾਜ਼ਾ ਹੋਰ", "ਜੂਠਾ ਮੂੰਹ", "ਕਾਲਾ ਬੀਰ", ਆਦਿ ਅਨੇਕਾਂ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।

ਕਈ ਵਾਰੀ ਉਹ ਕੁਦਰਤੀ ਹਾਦਸੇ ਨੂੰ ਜੁਗਤ ਵਜੋਂ ਵਰਤਦਾ ਹੈ, ਜਿਵੇਂ ਕਿ "ਸ਼ਮਾਂ", "ਉਹੀ ਕਿਉਂ?" ਅਤੇ ਕਈ ਹੋਰ ਕਹਾਣੀਆਂ ਵਿਚ ਉਸ ਨੇ ਅਣਿਆਈ ਮੌਤ ਨੂੰ ਵਰਤਿਆ ਹੈ। ਪਰ ਪਾਠਕ ਉਸ ਨੂੰ ਦੁੱਗਲ ਦੀ ਫ਼ਿਲਾਸਫ਼ੀ ਨਾਲ ਜੋੜ ਕੇ ਹੋਣੀਵਾਦ ਵਿਚ ਉਸ ਦੇ ਯਕੀਨ ਨੂੰ ਸਿੱਧ ਕਰਨ ਲੱਗ ਪੈਂਦੇ ਹਨ। ਪਰ ਨਾ ਦੁੱਗਲ ਦੀਆਂ ਉਹਨਾਂ ਰਚਨਾਵਾਂ ਦਾ ਵਿਸ਼ਲੇਸ਼ਣ, ਨਾ ਦੂਜੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਇਸ ਦੀ ਪ੍ਰੋੜਤਾ ਕਰਦਾ ਹੈ। ਆਮ ਕਰ ਕੇ ਕਿਹਾ ਜਾਂਦਾ ਹੈ ਕਿ ਇਸਤ੍ਰੀ-ਪਾਠਕਾਂ ਨੇ ਕਈ ਪੰਜਾਬੀ ਸਾਹਿਤਕਾਰਾਂ ਨੂੰ ਵਿਗਾੜਿਆ ਹੈ। ਇਹਨਾਂ ਵਿਗੜੇ ਸਾਹਿਤਕਾਰਾਂ ਵਿਚ ਦੁੱਗਲ ਦਾ ਨਾਂ ਵੀ ਲਿਆ ਜਾਂਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਦੁੱਗਲ ਉਹਨਾਂ ਨੂੰ ਵੀ ਝਕਾਣੀ ਦੇ ਗਿਆ ਹੈ। ਕਿਉਂਕਿ ਜਿਸ ਵੇਲੇ ਉਹ ਔਰਤ ਦੇ ਗਜ਼ ਗਜ਼ ਲੰਮੇ ਵਾਲਾਂ ਦੀ, ਤਿੱਖੇ ਨਕਸ਼ ਨੈਣਾਂ ਦੀ, ਮਸਤ ਚਾਲ ਦੀ, ਨਿਰੀ ਪੋਠੋਹਾਰ ਜਿਹੀ ਸੁੰਦਰਤਾ ਦੀ ਗੱਲ ਕਰ ਰਿਹਾ ਹੁੰਦਾ ਹੈ, ਤਾਂ ਉਹ ਇਕ ਮਾਯਾ-ਜਾਲ ਉਣ ਰਿਹਾ ਹੁੰਦਾ ਹੈ, ਜਿਸ ਦੇ ਪਿੱਛੇ ਜਿਸ ਵੇਲੇ ਔਰਤ ਦਾ ਅਸਲੀ ਕਿਰਦਾਰ ਉਘੜਦਾ ਹੈ ਤਾਂ ਉਸ ਵਿਚ ਦੁੱਗਲ ਉਸ ਨੂੰ ਕੋਈ ਰਿਆਇਤ ਨਹੀਂ ਦੇ ਰਿਹਾ ਹੁੰਦਾ। ਜਿਥੇ ਉਹ ਮਰਦਾਂ ਵਾਲੀਆਂ ਬੇਹੂਦਗੀਆਂ ਕਰਦੀ ਹੈ, ਆਪਣੇ ਆਕਰਸ਼ਣ ਨੂੰ ਪਦਲਾਲਸਾ ਦੀ ਤ੍ਰਿਪਤੀ ਲਈ ਵਰਤਦੀ ਹੈ, ਸਾਬਤ-ਕਦਮੀ ਦੇ ਨਾਲ ਆਦਮੀ ਦੇ ਗੁਨਾਹ ਵਿਚ ਭਿਆਲ ਬਣਦੀ ਹੈ, ਤਾਂ ਉਥੇ ਦੁੱਗਲ ਉਸ ਨੂੰ ਬਿਨਾਂ ਉਪਭਾਵਕਤਾ ਅਤੇ ਲਗ-ਲਪੇਟ ਦੇ

ਉਸੇ ਤਰ੍ਹਾਂ ਹੀ ਪੇਸ਼ ਕਰਦਾ ਹੈ। ਤਿੱਤਲੀ, "ਔਰਤ ਜਾਤ" 'ਇਕ ਸ਼ਰਾਫ਼ਤ ਦਾ ਹਸ਼ਰ', 'ਖੁੰਦਕ', ਐਨ ਐਕਸਪੈਰੀਮੈਂਟ ਇਨ ਟਰੂਥ’’ ਕਈ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਦੁੱਗਲ ਨੇ ਔਰਤ ਨਾਲ ਕੋਈ ਵੀ ਰਿਆਇਤ ਨਹੀਂ ਕੀਤੀ। ਬਰਨਾਰਡ ਸ਼ਾਅ ਵਾਂਗ ਉਹ ਵੀ ਇਸ ਗੱਲ ਵਿਚ ਯਕੀਨ ਰਖਦਾ ਲਗਦਾ ਹੈ ਕਿ ਔਰਤ ਕੋਈ ਵੱਖਰੀ ਜੀਵ-ਵੰਨਗੀ (species) ਨਹੀਂ, ਸਗੋਂ ਇਨਸਾਨੀ ਨਸਲ ਦਾ ਹੀ ਇਸਤ੍ਰੀ ਭਾਗ ਹੈ, ਅਤੇ ਉਸ ਨੂੰ ਇਨਸਾਨ ਵਜੋਂ ਹੀ ਲਿਆ ਜਾਣਾ ਚਾਹੀਦਾ ਹੈ।

57