ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਸਕਦਾ ਹੈ, ਅਤੇ ਇਹ ਕਾਲ-ਵੰਡ ਏਨੀ ਆਪ-ਹੁਦਰੀ ਨਹੀਂ ਲੱਗੇਗੀ ।

ਭਾਵੇਂ ਏਨੀ ਤਾਂ ਨਹੀਂ, ਪਰ ਲਗਭਗ ਏਨੀ ਹੀ ਸੁਖਾਵੀਂ ਅਵਸਥਾ - ਇਕ ਪੱਖ ਹੋਰ ਹੈ, ਕਿ ਪੰਜਾਬੀ ਨਿੱਕੀ ਕਹਾਣੀ ਨੂੰ ਇਸ ਸਮੇਂ ਚੱਲੀਆਂ ਸਾਹਿਤਕ ਵਿਚਾਰਧਾਰਾਂ ਅਨੁਸਾਰ ਵੰਡ ਕੇ ਨਹੀਂ ਦੇਖਿਆ ਗਿਆ, ਤੇ ਸ਼ਾਇਦ ਦੇਖਿਆ ਵੀ ਨਹੀਂ ਜਾ ਸਕਦਾ । ਪੰਜਬੀ ਨਿੱਕੀ ਕਹਾਣੀ ਦੇ ਦੋ ਮੋਹਰੀ ਕਹਾਣੀਕਾਰਾਂ, ਦੁੱਗਲ ਅਤੇ ਵਿਰਕ, ਨੇ ਕਿਸੇ ਵੀ ਵਿਚਾਰਧਾਰਾ ਨਾਲ ਜੁੜਨ ਤੋਂ ਚੇਤੰਨ ਤੇਰ ਉਤੇ ਕੰਨੀ ਕਤਰਾਈ ਹੈ । ਜਿਹੜੇ ਕਹਾਣੀਕਾਰ ਇਹਨਾਂ ਲਹਿਰਾਂ ਨਾਲ ਜੁੜੇ ਹਨ, ਉਹਨਾਂ ਨੇ ਚੇਤੰਨ ਤੌਰ ਉਤੇ ਇਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਸਮਝਿਆ ।

ਦੂਜੇ ਸ਼ਬਦਾਂ ਵਿਚ ਸਾਡੇ ਕਹਾਣੀਕਾਰ ਸਮਾਜਕ ਯਥਾਰਥ ਨੂੰ ਕੋਰੇ ਕਾਗਜ਼ ਵਾਂਗ ਮਿਲਦੇ ਰਹੇ ਹਨ, ਅਤੇ ਜੋ ਕੁਝ ਇਸ ਉਤੇ ਉਕਰਿਆ ਜਾਏ ਉਸ ਨੂੰ ਵਫ਼ਾਦਾਰੀ ਨਾਲ ਪੇਸ਼ ਕਰਨ ਦਾ ਯਤਨ ਕਰਦੇ ਰਹੇ ਹਨ ! ਜੇ ਇੰਝ ਕਹਿਣਾ ਲੋੜ ਨਾਲੋਂ ਵੱਧ ਸਰਲੀਕਰਣ ਲੱਗੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਨਿੱਕੀ ਕਹਾਣੀ ਸਮਾਜਕ ਯਥਾਰਥ ਵਲ ਆਪ-ਮੁਹਾਰਾ ਪ੍ਰਤਿਕਰਮ ਹੈ, ਜਿਸ ਵਿਚ ਵਿਚਾਰਧਾਰਾ ਦਾ ਮਾਧਿਅਮ ਬਹੁਤਾ ਵਿਗਾੜ ਪੈਦਾ ਨਹੀਂ ਕਰਦਾ।

ਇਸੇ ਕਰਕੇ ਹੀ ਅਸੀਂ ਵਖੋ ਵਖਰੇ ਕਹਾਣੀ ਲੇਖਕਾਂ ਵਿਚ ਕਈ ਸਾਂਝਾਂ ਲੱਭ ਸਕਦੇ ਹਾਂ, ਜਿਹੜੀਆਂ ਉਹਨਾਂ ਦੀ ਕਲਾ ਦਾ ਤੁਲਨਾਤਮਕ ਅਧਿਐਨ ਕਰਨ ਲਈ ਆਧਾਰ ਬਣ ਸਕਦੀਆਂ ਹਨ। ਇਸੇ ਕਰਕੇ ਹੀ ਅਸੀਂ ਨਿੱਕੀ ਕਹਾਣੀ ਵਿੱਚ ਸਮਾਜਕ ਯਥਾਰਥ ਦੇ ਬਦਲਦੇ ਬੋਧ ਨੂੰ ਉਲੀਕ ਸਕਦੇ ਹਾਂ-ਇਕੱਲੇ ਇਕੱਲੇ ਕਹਾਣੀ ਲੇਖਕ ਵਿਚ ਵੀ, ਜਿਸ ਦੀ ਰਚਨਾ ਕੁਝ ਦਹਾਕਿਆਂ ਉਤੇ ਫੈਲੀ ਹੋਵੇ ਅਤੇ ਸਾਰੇ ਕਹਾਣੀਲੇਖਕਾਂ ਨੂੰ ਮਿਲਾ ਕੇ ਵੀ । ਇਹੀ ਗੱਲ ਨਿੱਕੀ ਕਹਾਣੀ ਦੇ ਇਤਿਹਾਸ ਨੂੰ ਇਕ ਇਕਾਈ ਵਿਚ ਬੰਨਣ ਦਾ ਸਾਧਨ ਬਣ ਸਕਦੀ ਹੈ । ਇਥੋਂ ਹੀ ਲੱਗੇਗਾ ਕਿ ਇਕੱਲੇ ਇਕੱਲੇ ਕਹਾਣੀਕਾਰ ਨੂੰ ਲੈ ਕੇ ਉਸ ਦੀ ਪੁਣ-ਛਾਣ ਕਰਨੀ ਤੇ ਸਿੱਟੇ ਕਢੀ ਜਾਣੇ, ਨਿੱਕੀ ਕਹਾਣੀ ਦਾ ਇਤਿਹਾਸ ਲਿਖਣ ਦਾ ਸ਼ਾਇਦ ਇੱਕੋ ਇੱਕ ਚੰਗਾ ਤਰੀਕਾ ਨਹੀਂ।

ਪਰ ਉਪਰੋਕਤ ਮੋਟੀ ਜਿਹੀ ਕਾਲ-ਵੰਡ ਇਹ ਖ਼ਦਸ਼ਾ ਲਾ ਸਕਦੀ ਹੈ ਕਿ ਹਰ ਕਹਾਣੀਕਾਰ ਦੀ ਵਖਰੀ ਸ਼ਖ਼ਸੀਅਤ ਨੂੰ ਅੱਖੋਂ ਓਹਲੇ ਕਰ ਕੇ ਸਭ ਨੂੰ ਇਕੋ ਹੀ ਰੱਸੇ ਨੂਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਹੁੰਦਾ ਅਸਲ ਵਿਚ ਇੰਝ ਹੈ ਕਿ ਜੇ ਅਧਿਐਨ ਹੇਠਲਾ ਸਮਾਂ ਏਨਾ ਥੋੜਾ ਹੋਵੇ ਤਾਂ ਕਿਸੇ ਕਾਲ-ਵੰਡ ਦਾ ਯਤਨ ਕਰਨੇ ਨਾਲੋਂ ਸਮੁੱਚੇ ਸਮੇਂ ਵਿਚ ਸਮਾਨਾਂਤਰ ਤੌਰ ਉਤੇ ਪ੍ਰਗਟ ਹੋ ਰਹੀਆਂ ਰੁਚੀਆਂ ਨੂੰ ਦੇਖਣਾ ਅਤੇ ਉਹਨਾਂ ਦਾ ਵਰਗੀਕਰਣ ਅਤੇ ਨਿਖੇੜ ਕਰਨਾ ਵਧੇਰੇ ਲਾਹੇਵੰਦ ਹੋ ਸਕਦਾ ਹੈ । ਇਸ ਵਰਗੀਕਰਣ ਅਤੇ ਨਿਖੇੜ ਦੇ ਵੀ ਕਈ ਪੱਧਰ ਅਤੇ ਪਸਾਰ ਹੋ ਸਕਦੇ ਹਨ । ਵਿਚਾਰਧਾਰਾ, ਵਿਚਾਰਧਾਰਾ ਵਿਚਲੇ ਸੂਖਮ ਭੇਦ, ਯਥਾਰਥ-ਬੋਧ ਦੀ ਵਿਧੀ, ਰੂਪ-ਚੇਤਨਾ ਵਗੈਰਾ ਵਗੈਰਾ) । ਇਹਨਾਂ ਸਾਰੇ ਪੱਧਰਾਂ ਅਤੇ ਪਸਾਰਾਂ ਦਾ ਨਿਖੇੜ, ਵਿਆਖਿਆ ਅਤੇ ਵਰਗੀਕਰਣ ਅਸਲੀ ਸਮੱਸਿਆ ਬਣ ਜਾਂਦੀ ਹੈ।43