ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਮਿਲਣ ਵਾਲੀਆਂ ਪਹਿਲੀਆਂ ਕਿਰਤਾਂ ਨੂੰ ਜਿਨ੍ਹਾਂ ਵਿਚ ਕਹਾਣੀ ਦਾ ਅੰਸ਼ ਮਿਲਦਾ ਸੀ, ਨਿੱਕੀ ਕਹਾਣੀ ਦਾ ਮੁੱਢ ਮਿੱਥ ਲੈਂਦੇ ਹਨ। ਘੱਟ ਕਲਪਣਾ ਦਾ ਪ੍ਰਗਟਾਵਾ ਕਰਨ ਵਾਲੇ ਇਸ ਦੇ ਆਰੰਭ ਨੂੰ ਬੋਕੇਸ਼ਿਓ ਦੀ "ਡੀਕੈਮਰਾਨ" ਤਕ ਜਾਂ ਹੋਰ ਵੀ ਨੇੜੇ ਚਾਸਰ ਦੀਆਂ "ਕੈਂਟਰਬਰੀ ਟੇਲਜ਼" ਤੱਕ ਲੈ ਆਉਂਦੇ ਹਨ। ਹਿੰਦੁਸਤਾਨੀ ਸ਼ਾਵਨ ਬਿਰਤੀ ਸਾਨੂੰ ਆਪਣੀਆਂ ਕਹਾਣੀਆਂ ਦਾ ਮੁੱਢ ਵੈਦਿਕ ਯੁਗ ਵਿਚ ਦੇਖਣ ਲਈ ਮਜਬੂਰ ਕਰ ਦੇਦੀ ਹੈ, ਪੁਰਾਣ, ਪੰਚ-ਤੰਤਰ, ਜਾਤਕ ਕਹਾਣੀਆਂ, ਕਥਾ ਸਰਿਤ ਸਾਗਰ ਆਦਿ ਜਿਸ ਦਾ ਅਗਲਾ ਪਸਾਰ ਹਨ। ਇਸ ਪੱਖੋਂ, ਸਾਖੀਆਂ ਤਾਂ ਲਾਜ਼ਮੀ ਹੀ ਅੱਜ ਦੀ ਨਿੱਕੀ ਕਹਾਣੀ ਦਾ ਮੁੱਢਲਾ ਰੂਪ ਹੋ ਨਿਬੜਦੀਆਂ ਹਨ।

ਪਰ ਅੱਜ ਜਿਸ ਨੂੰ ਅਸੀਂ ਨਿੱਕੀ ਕਹਾਣੀ ਵਜੋਂ ਮਹਿਸੂਸ ਕਰਦੇ ਹਾਂ, ਉਸ ਦਾ ਮੁੱਢ ਪੱਛਮ ਵਿਚ ਸ਼ਿਛਲੀ ਸਦੀ ਦੇ ਸ਼ੁਰੂ ਵਿਚ, ਤੇ ਪੰਜਾਬੀ ਵਿਚ ਇਸ ਸਦੀ ਦੇ ਸ਼ੁਰੂ ਵਿਚ ਬੱਝਾ। ਪੰਜਾਬੀ ਵਿਚ ਜੇ ਵਧੇਰੇ ਕਰੜਾਈ ਨਾਲ ਦੇਖੀਏ ਤਾਂ ਇਸ ਦਾ ਮੁੱਢ ਸੁਜਾਨ ਸਿੰਘ ਤੇ ਸੇਖੋਂ ਨਾਲ ਬੱਝਾ, ਜਿਨ੍ਹਾਂ ਨੇ ਇਸ ਦਾ ਕਾਵਿ-ਸ਼ਾਸਤਰ ਉਲੀਕਿਆ ਅਤੇ ਉਸ ਅਨੁਸਾਰ ਕਹਾਣੀਆਂ ਵੀ ਲਿਖੀਆਂ। ਪਰ ਅਸੀਂ ਉਹਨਾਂ ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਵਿਚ ਇਸ ਪਾਸੇ ਵੱਲ ਚੇਤਨ ਯਤਨ ਹੁੰਦੇ ਦੇਖ ਸਕਦੇ ਹਾਂ, ਜਿਹੜੇ ਅਨੁਵਾਦਾਂ ਦੇ ਰੂਪ ਵਿਚ ਆਧਾਰਿਤ ਕਹਾਣੀਆਂ ਦੇ ਰੂਪ ਵਿਚ ਅਤੇ ਪੱਛਮੀ ਮਾਡਲਾਂ ਨੂੰ ਮੁਖ ਰਖ ਕੇ ਮੌਲਿਕ ਕਹਾਣੀਆਂ ਲਿਖਣ ਦੇ ਰੂਪ ਵਿਚ ਮਿਲਦੇ ਹਨ। ਇਹ ਕੁਦਰਤੀ ਤੌਰ ਉਤੇ ਪੰਜਾਬੀ ਨਿੱਕੀ ਕਹਾਣੀ ਦੇ ਇਤਿਹਾਸ ਦਾ ਅੰਗ ਹੋਣਗੇ।

ਪੱਛਮੀ ਪ੍ਰਭਾਵ ਹੇਠਾਂ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤੇ ਕਈ ਸਾਹਿਤ-ਰੂਪਾਂ ਦੇ ਮੋਢੀ ਹੋਣ ਦਾ ਸਿਹਰਾ ਭਾਈ ਵੀਰ ਸਿੰਘ ਹੋਰਾਂ ਦੇ ਸਿਰ ਜਾਂਦਾ ਹੈ। ਪਰ ਨਿੱਕੀ ਕਹਾਣੀ ਦੇ ਸੰਬੰਧ ਵਿਚ ਸ਼ਾਇਦ ਗੱਲ ਉਹਨਾਂ ਤੋਂ ਨਹੀਂ, ਉਹਨਾਂ ਤੋਂ ਮਗਰੋਂ ਸ਼ੁਰੂ ਹੋਵੇਗੀ। ਉਹਨਾਂ ਨੂੰ ਅਸੀਂ ਪੁਰਾਤਨ ਸਾਖੀ-ਰੂਪ ਦਾ ਆਧੁਨਿਕ ਪ੍ਰਤਿਨਿਧ ਭਾਵੇਂ ਮੰਨ ਲਈਏ ਪਰ ਨਿੱਕੀ ਕਹਾਣੀ ਦਾ ਮੋਢੀ ਨਹੀਂ ਮੰਨ ਸਕਦੇ।

-5-

ਨਿੱਕੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਨੂੰ ਸਮਾਜੀ-ਆਰਥਕ ਕਾਰਨਾਂ ਨਾਲ ਜੋੜਨ ਵਾਲੇ ਆਲੋਚਕ ਇਸ ਨੂੰ ਮਸ਼ੀਨੀ ਯੁਗ ਦੀ ਆਮਦ ਨਾਲ, ਅਤੇ ਇਸ ਤੋਂ ਪੈਦਾ ਹੁੰਦੀ ਵਿਹਲ ਦੀ ਘਾਟ ਨਾਲ ਜੋੜਦੇ ਹਨ। ਪਰ ਪੰਜਾਬੀ ਕਹਾਣੀ ਦੇ ਸੰਦਰਭ ਵਿਚ ਇਹ ਦਲੀਲ ਸ਼ਾਇਦ ਹੀ ਕਦੀ ਢੁਕਵੀਂ ਲਗਦੀ ਹੋਵੇ। ਹੁਣ ਵੀ ਨਹੀਂ। ਪੰਜਾਬੀ ਨਿੱਕੀ ਕਹਾਣੀ ਸਾਡੀਆਂ ਆਰਥਕ-ਸਮਾਜਕ ਮਜਬੂਰੀਆਂ ਦਾ ਇਸ ਪੱਖ ਤੋਂ ਸਿੱਟਾ ਨਹੀਂ ਹੈ।

ਨਿੱਕੀ ਕਹਾਣੀ ਸਾਡੇ ਸਮਾਜ ਦੇ ਇਕ ਖ਼ਾਸ ਇਤਿਹਾਸਕ ਦੌਰ ਵਿਚ ਇਕ ਸਭਿਆਚਾਰਕ ਖ਼ਲਾਅ ਨੂੰ ਭਰਨ ਲਈ ਦਾਖ਼ਲ ਹੋਈ। ਇਸ ਖ਼ਲਾਅ ਨੂੰ ਮਨ

46