ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਗਤੀਵਾਦ ਦੇ ਝੰਡੇ ਜੁਗੋ ਜੁਗ ਅਟੱਲ ਹੋਣ ਦੇ ਨਾਅਰੇ ਉੱਚੇ ਹੁੰਦੇ ਹਨ। ਪਰ ਪ੍ਰਗਤੀਵਾਦੀ ਲੇਖਕ ਜਥੇਬੰਦੀ ਹਰਕਤ ਵਿਚ ਨਹੀਂ ਆਉਂਦੀ ਅਤੇ ਸਾਹਿਤਕ ਬੁਧੀ ਮੁੜ ਕਿਸੇ ਹੋਰ ਬਦਲ ਨੂੰ ਅਜ਼ਮਾਉਣ ਲੱਗ ਪੈਂਦੀ ਹੈ। 1962 ਤੋਂ ਮਗਰੋਂ 1967 ਵਿਚ, 1975 ਵਿਚ ਤੇ 1980 ਵਿਚ ਇੰਜ ਹੋ ਚੁੱਕਾ ਹੈ।

ਇਸ ਸਾਰੀ ਸਥਿਤੀ ਨਾਲ ਦੋ ਵਿਰੋਧੀ ਢੰਗਾਂ ਨਾਲ ਨਿਪਟਿਆ ਗਿਆ ਹੈ। ਇਕ ਬਿਰਤੀ ਤਾਂ ਇਸ ਮੁੜ ਮੁੜ ਕੇ ਯਤਨ ਕਰਨ ਦੇ ਅਭਿਆਸ ਦੀ ਨਿਰਾਰਥਕਤਾ ਨੂੰ ਪ੍ਰਵਾਨ ਕਰ ਕੇ ਆਧੁਨਿਕ ਪੰਜਾਬੀ ਸਾਹਿਤ ਨੂੰ ਪੂਰਵ-ਪ੍ਰਗਤੀਵਾਦੀ, ਪ੍ਰਗਤੀਵਾਦੀ ਅਤੇ ਉੱਤਰ-ਪ੍ਰਗਤੀਵਾਦੀ ਸਾਹਿਤ ਵਿਚ ਵੰਡਣ ਦੀ ਹੈ। ਦੂਜੀ ਬਿਰਤੀ ਕ੍ਰਾਂਤੀਸ਼ੀਲਤਾ ਉਤੇ ਜ਼ੋਰ ਦੇਣ ਅਤੇ ਪ੍ਰਗਤੀਵਾਦ ਨੂੰ ਕ੍ਰਾਂਤੀਸ਼ੀਲਤਾ ਵਿਚ ਪ੍ਰੀਵਰਤਿਤ ਹੋਇਆ ਦੇਖਣ ਦੀ ਇੱਛਾ ਰਖਦੀ ਹੈ, ਇਹ ਖ਼ਿਆਲ ਕਰਦਿਆਂ ਕਿ ਇਹ ਸਿੱਥਲਤਾ ਦੀ ਸਥਿਤੀ ਸ਼ਾਇਦ ਕਿਸੇ ਇਨਕਲਾਬੀ ਜੋਸ਼ ਦੀ ਘਾਟ ਕਾਰਨ ਹੈ। ਇਹ ਰੁਚੀ ਹਾਲਾਤ ਵਿਚ ਪਏ ਅੜਿੱਕੇ ਨੂੰ ਸਮਝਣ ਦੀ ਥਾਂ ਇਨਕਲਾਬ ਜਾਂ ਕ੍ਰਾਂਤੀਸ਼ੀਲਤਾ ਦੇ ਨਾਅਰੇ ਨਾਲ ਇਸ ਨੂੰ ਤੋੜਨ ਦੀ ਹੈ। ਪਰ ਹਾਲਾਤ ਬੜੀ ਕਠੋਰ ਚੀਜ਼ ਹੁੰਦੇ ਹਨ।

ਸੋ, ਜਾਂ ਤਾਂ ਇਸ ਸਾਰੇ ਅਭਿਆਸ ਦੀ ਨਿਰਾਰਥਕਤਾ ਨੂੰ ਅੰਤਮ ਤੌਰ ਉਤੇ ਮੰਨ ਕੇ ਕਿਸੇ ਬਦਲ ਦੀ ਢੂੰਡ ਵਿਚ ਲਗ ਜਾਇਆ ਜਾਏ। ਪਰ ਅਜਿਹੀ ਢੂੰਡ ਦੀ ਅਸਫਲਤਾ ਵੀ ਪੂਰਵ-ਨਿਸਚਿਤ ਹੈ, ਕਿਉਂਕਿ ਬਦਲ ਲੱਭਣ ਦੇ ਹੁਣ ਤਕ ਅਸਫਲ ਰਹੇ ਯਤਨ ਘੱਟ ਗੰਭੀਰ ਨਹੀਂ ਸਨ ਜਾਂ ਫਿਰ, ਪਰਤਵੀਂ ਝਾਤ ਮਾਰ ਕੇ ਦੇਖਿਆ ਜਾਏ ਅਤੇ ਅੱਜ ਦੇ ਚਾਨਣ ਵਿਚ ਮੁੜ ਸਭ ਕੁਝ ਸਮਝਣ ਦੀ ਅਤੇ ਫਿਰ ਸਿੱਟੇ ਕੱਢਣ ਦੀ ਕੋਸ਼ਿਸ਼ ਕੀਤੀ ਜਾਏ। ਅਤੇ ਜੇ ਇਹਨਾਂ ਸਿੱਟਿਆਂ ਦੇ ਆਧਾਰ ਉਤੇ ਭਵਿਖ ਲਈ ਕੋਈ ਰਾਹ ਨਿਕਲਦਾ ਹੋਵੇ ਤਾਂ ਉਹ ਉਲੀਕਿਆ ਅਤੇ ਅਪਣਾਇਆ ਜਾਏ।

ਇਥੇ ਕੁਝ ਨੁਕਤਿਆਂ ਨੂੰ ਲੈਣਾ ਜ਼ਰੂਰੀ ਹੈ ਜਿਹੜੇ ਪ੍ਰਗਤੀਵਾਦ ਬਾਰੇ ਸਾਡੀ ਦ੍ਰਿਸ਼ਟੀ ਨੂੰ ਸਪਸ਼ਟ ਕਰਨ ਵਿਚ ਸਹਾਈ ਹੋ ਸਕਦੇ ਹਨ।

ਉਪਰ ਅਸੀਂ ਪ੍ਰਗਤੀਵਾਦ ਦੇ ਕੌਮੀ ਅਤੇ ਕੌਮਾਂਤਰੀ ਪਸਾਰਾਂ ਦਾ ਜ਼ਿਕਰ ਕਰ ਆਏ ਹਾਂ। ਇਥੇ ਇਸ ਗੱਲ ਉਤੇ ਜ਼ੋਰ ਦੇਣਾ ਜ਼ਰੂਰੀ ਹੈ ਕਿ ਜਿਹੜੀ ਵੀ ਲਹਿਰ ਕਿਸੇ ਥਾਂ ਰੂਪ ਧਾਰਦੀ ਹੈ, ਜਿਊਣ ਜੋਗੀ ਸਾਬਤ ਹੁੰਦੀ ਹੈ ਅਤੇ ਕੌਮੀ ਜੀਵਨ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ, ਉਸ ਦੀਆਂ ਜੜ੍ਹਾਂ ਜ਼ਰੂਰ ਉਸ ਦੀ ਆਪਣੀ ਧਰਤੀ ਵਿੱਚ ਹੋਣਗੀਆਂ। ਆਪਣੀ ਧਰਤੀ ਤੋਂ ਹੀ ਉਹ ਬਲ ਲੈਂਦੀ ਹੈ। ਇਸ ਗੱਲ ਓਤੇ ਜ਼ੋਰ ਦੇਣਾ ਦੋ ਕਾਰਣਾਂ ਕਰਕੇ ਜ਼ਰੂਰੀ ਹੈ। ਇਕ ਤਾਂ ਇਹ ਕਿ ਸ਼ੁਰੂ ਤੋਂ ਹੀ ਇਕ ਆਵਾਜ਼ ਉਠਦੀ ਰਹੀ ਹੈ ਜਿਹੜੀ ਇਸ ਲਹਿਰ ਨੂੰ ਪ੍ਰਦੇਸੋਂ ਲਿਆ ਕੇ ਲਾਂਦੀ ਹੋਈ ਦਸਦੀ ਰਹੀ ਹੈ, ਜਿਵੇਂ ਕਿ ਇੰਗਲੈਂਡ ਵਿਚ ਬੈਠੇ ਕੁਝ ਪਾੜਿਆਂ ਨੇ ਫ਼ੈਸਲਾ ਕੀਤਾ ਕਿ ਭਾਰਤ ਵਿਚ ਲਹਿਰ ਸ਼ੁਰੂ ਹੋ ਗਈ। ਦੂਜਾ ਇਸ ਕਰਕੇ ਵੀ ਕਿ ਇਸ ਲਹਿਰ ਦੀਆਂ ਆਪਣੀ ਧਰਤੀ ਹੇਠਲੀਆਂ ਜੜ੍ਹਾਂ ਵਲ ਕਦੀ ਵੀ ਪੂਰੀ ਤਰ੍ਹਾਂ ਧਿਆਨ ਨਹੀਂ ਦਿਤਾ ਗਿਆ, ਜਿਸ ਦੀ

28