ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਸਤੇ ਅਜਿੱਤ ਹਨ। ਜਿਸ ਕਰ ਕੇ ਉਹ ਇਕ ਵਾਰੀ ਮੁੜ ਉਹਨਾਂ ਦੇ ਭਾਰ ਹੇਠ ਹੋਰ ਦੱਬ ਕੇ ਰਹਿ ਜਾਂਦੇ ਹਨ। ਕਿਰਪਾਲ ਕਜ਼ਾਕ ਦੇ ਨਵੇਂ ਕਹਾਣੀ ਸੰਗ੍ਰਹਿ ਅੱਧਾ ਪੁਲ ਵਿਚ ਕੁਝ ਕਹਾਣੀਆਂ (ਜਿਵੇਂ "ਜਿਥੋਂ ਸੂਰਜ ਉੱਗਦਾ ਹੈ") ਵਿਚ ਕਿਤੇ ਕਿਤੇ ਕੋਈ ਲੋਕ ਨਾਲ ਤੁਰਦੇ ਵੀ ਹਨ। ਪਰ ਪ੍ਰਧਾਨ ਰੂਪ ਵਿਚ ਅਜੇ ਵੀ ਵਿਰੋਧੀ ਅਤੇ ਦਬਾ ਰਹੀਆਂ ਤਾਕਤਾਂ ਵਧੇਰੇ ਤਾਕਤਵਾਰ ਅਤੇ ਚਤੁਰ ਸਾਬਤ ਹੁੰਦੀਆਂ ਹਨ। ਖੱਬੀ ਅਤੇ ਕਮਿਊਨਿਸਟ ਲਹਿਰ ਦੀ ਫੁੱਟ ਦਾ ਅਹਿਸਾਸ ਇਹਨਾਂ ਵਿਚ ਤੀਖਣ ਹੁੰਦਾ ਹੈ। ਸਗੋਂ ਕਿਤੇ ਕਿਤੇ ਸਿੱਧਾ ਕਮਿਊਨਿਸਟ ਲਹਿਰ ਜਾਂ ਵਿਅਕਤੀਆਂ ਦੀ ਆਲੋਚਨਾ ਵੀ ਮਿਲਦੀ ਹੈ। (ਜਿਵੇਂ ਜੋਗਿੰਦਰ ਸਿੰਘ ਨਿਰਾਲਾ ਦੀ ਪੁਸਤਕ ਸੰਤਾਪ, ਜਾਂ ਉਸ ਦੀਆਂ ਮਗਰੋਂ ਛਪੀਆਂ ਕਹਾਣੀਆਂ "ਰੱਜੇ ਪੁੱਜੇ ਲੋਕ", "ਜ਼ਿੰਦਗੀ", ਜਾਂ ਫਿਰ ਵਰਿਆਮ ਸੰਧੂ ਦੀ ਕਹਾਣੀ "ਦਲਦਲ" ਆਦਿ)। ਪਰ ਤਾਂ ਵੀ ਇਹਨਾਂ ਲੋਕਾਂ ਦਾ ਖੱਬੇ ਆਦਰਸ਼ ਤੋਂ ਈਮਾਨ ਨਹੀਂ ਡੋਲਿਆ ਅਤੇ ਇਹ ਇਸੇ ਉਤੇ ਆਸ ਲਾਈ ਬੈਠੇ ਹਨ। ਰਾਮ ਸਰੂਪ ਅਣਖੀ ਦੀ ਕਹਾਣੀ ਛਪੜੀ ਵਿਹੜਾ ਗ਼ਰੀਬੀ ਹਟਾਓ ਦੇ ਦਮਗਜਿਆਂ ਨੂੰ ਬੜੇ ਸਹਿਜ ਢੰਗ ਨਾਲ ਬੇਨਕਾਬ ਕਰਦੀ ਹੋਈ, ਇਹ ਦੱਸਦੀ ਹੈ ਕਿ ਕਿਵੇਂ ਅਜੇ ਵੀ ਹੇਠਲਾ ਵਰਗ ਆਪਣੇ ਜੀਵਨ ਨੂੰ ਚੰਗੇਰਿਆਂ ਬਣਾਉਣ ਦੇ ਸਭ ਯਤਨ ਨਿਹਫਲਤਾ ਵਿਚ ਮੁੱਕਦੇ ਦੇਖ ਰਿਹਾ ਹੈ। ਸਾਧਾਰਣ ਅਤੇ ਪ੍ਰੰਪਰਾਈ ਪ੍ਰਗਤੀਵਾਦੀ ਸੂਝ ਉਪਰੋਕਤ ਤਰ੍ਹਾਂ ਦੀਆਂ ਕਹਾਣੀਆਂ ਨੂੰ ਪਿਛਾਂਹ-ਨਿਰਾਸ਼ਾਵਾਦੀ ਜਾਂ ਭਗੌੜੇਪਣ ਦੀਆਂ ਕਹਾਣੀਆਂ ਕਹੇਗੀ। ਪਰ ਇਹਨਾਂ ਲੇਖਕਾਂ ਦੀ ਮਹੱਤਤਾ ਇਸੇ ਵਿਚ ਹੈ ਕਿ ਇਹਨਾਂ ਨੇ ਸਾਹਿਤ ਨੂੰ ਸਾਧਾਰਣ ਅਤੇ ਹੇਠਲੇ ਵਰਗ ਦੀਆਂ ਕਾਮਨਾਵਾਂ ਅਤੇ ਘਾਲਣਾਵਾਂ ਨਾਲ ਜੋੜਿਆ ਹੈ, ਉਹਨਾਂ ਦੀ ਹੀ ਪੱਧਰ ਉਤੇ, ਉਹਨਾਂ ਦੀ ਭਾਸ਼ਾ ਵਿਚ ਯਥਾਰਥ ਦਾ ਵਰਨਣ ਕੀਤਾ ਹੈ, ਜਿਸ ਤੋਂ ਸਾਨੂੰ ਅੱਜ ਦੀ ਬਹੁਗਿਣਤੀ ਦੇ ਜੀਵਨ ਬਾਰੇ ਸੱਚ ਦਾ ਭਰਵਾਂ ਗਿਆਨ ਹੁੰਦਾ ਹੈ।

ਕੇਵਲ ਇੱਕ ਰੁਝਾਣ ਕੁਝ ਤੌਖਲਾ ਪੈਦਾ ਕਰਨ ਵਾਲਾ ਹੈ! ਅੱਜ ਕਾਫ਼ੀ ਕਹਾਣੀਆਂ ਵਿਚ ਮੌਤ, ਕਤਲ, ਜਾਂ ਕੋਈ ਹੋਰ ਧਮਾਕਾਖੋਜ਼ ਘਟਨਾਵਾਂ ਲਿਆਉਣ ਦਾ ਯਤਨ ਹੁੰਦਾ ਹੈ। ਬਲਦੇਵ ਸਿੰਘ ਦੀ ਹੀ ਪਿੱਛੇ ਜਿਹੇ ਇਕ ਕਹਾਣੀ ਛਪੀ ਹੈ --- ਭਵਿੱਖ ਦੇ ਵਾਰਸ ਜਿਸ ਦੀ ਥੀਮ ਤਾਂ ਨਵਤੇਜ ਸਿੰਘ ਦੀ ਕਹਾਣੀ "ਮਨੁੱਖ ਦੇ ਪਿਉ" ਵਾਲੀ ਹੀ ਹੈ, ਪਰ ਇਸ ਵਿਚ ਹੁਣ ‘ਸ਼ਾਕ ਟਰੀਟਮੈਂਟ' ਦੇਣ ਦਾ ਯਤਨ ਹੈ - ਬੱਚਿਆਂ ਨੂੰ ਮਾਣਸਖੌਰੇ ਹੋਣ ਦੀ ਹੱਦ ਤਕ ਨਿਘਰਦੇ ਦੱਸਿਆ ਗਿਆ ਹੈ। ਜੇ ਇਹ ਘਟਨਾ ਕਿਤੇ ਵਾਪਰੀ ਵੀ ਹੋਵੇ ਤਾਂ ਇਸ ਦਾ ਸਾਹਿਤ ਦਾ ਅੰਗ ਬਣਨ ਲਈ ਕੋਈ ਉਚੇਚਾ ਵਿਸਥਾਰ ਪੂਰਵਕ ਪਿਛੋਕੜ ਅਤੇ ਕਾਰਨ ਹੋਣਾ ਚਾਹੀਦਾ ਹੈ। ਬਾਕੀ ਕਹਾਣੀਆਂ ਵੀ, ਜਿਨ੍ਹਾਂ ਵਿਚ ਮੌਤ, ਕਤਲ, ਆਤਮ

127