ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਜ ਦੀ ਪੰਜਾਬੀ ਕਹਾਣੀ ਵਿਚ
ਸੈਕਸ, ਸਿਆਸਤ ਅਤੇ ਸੁਪਨਾ

ਪੰਜਾਬੀ ਵਿਚ ਨਿੱਕੀ ਕਹਾਣੀ ਏਨੀ ਜ਼ਿਆਦਾ ਲਿਖੀ ਜਾ ਰਹੀ ਹੈ ਕਿ ਕੁਝ ਮਹੀਨਿਆਂ ਉਪਰ ਫੈਲੀ ਹੋਈ ਸਮੁੱਚੀ ਕਹਾਣੀ-ਰਚਨਾ ਬਾਰੇ ਵੀ ਸਰਬੰਗੀ ਢੰਗ ਨਾਲ ਲਿਖ ਸਕਣਾ ਬੇਹੱਦ ਮੁਸ਼ਕਲ ਹੈ, ਜੇ ਅਸੰਭਵ ਨਹੀਂ ਤਾਂ। ਵੈਸੇ ਵੀ, ਕਿਸੇ ਸਾਹਿਤ-ਰੂਪ ਵਿਚ ਹਰ ਸਮੇਂ ਸਾਰਾ ਕੁਝ ਹੀ ਇੱਕੋ ਜਿਹਾ ਧਿਆਨ ਮੰਗਣ ਵਾਲਾ ਨਹੀਂ ਹੁੰਦਾ, ਭਾਵੇਂ ਇਸ ਦਾ ਭਾਵ ਇਹ ਵੀ ਨਹੀਂ ਹੁੰਦਾ ਕਿ ਜਿਸ ਚੀਜ਼ ਵੱਲ ਧਿਆਨ ਦਿੱਤਾ ਜਾਂਦਾ ਹੈ ਉਸ ਤੋਂ ਛੁੱਟ ਬਾਕੀ ਸਾਰਾ ਕੁਝ ਫੋਕਟ ਹੈ।

ਇਹ ਸੰਖੇਪ ਪੇਪਰ ਲਿਖਣ ਲੱਗਿਆਂ ਮੇਰੇ ਧਿਆਨ ਵਿਚ ਮੁੱਖ ਤੌਰ ਉਤੇ ਪਿਛਲੇ ਡੇਢ ਦੋ ਸਾਲ ਵਿਚ ਪੰਜਾਬੀ ਦੇ ਕੁਝ ਕੁ ਮੁੱਖ ਰਸਾਲਿਆਂ ਵਿਚ ਛਪੀਆਂ ਕਹਾਣੀਆਂ ਅਤੇ ਇਸੇ ਹੀ ਸਮੇਂ ਵਿਚ ਛਪੀਆਂ ਕੁਝ ਕਿਤਾਬਾਂ ਹਨ। ਇਹਨਾਂ ਦਾ ਵੀ ਸਰਬ-ਪੱਖੀ ਵਿਸ਼ਲੇਸ਼ਣ ਕਰਨ ਦਾ ਨਾਂ ਮੇਰਾ ਦਾਅਵਾ ਹੈ, ਨਾ ਯਤਨ। ਸਗੋਂ ਇਹਨਾ ਕਹਾਣੀਆਂ ਵਿਚੋਂ ਉਭਰਦੇ ਪ੍ਰਧਾਨ ਵਿਚਾਰ-ਬੰਬਾਂ ਨੂੰ ਮੈਂ ਤਿੰਨ ਥੀਮਜ਼ ਵਿਚ ਵੱਡੇ ਕੇ ਵਿਚਾਰਨ ਦਾ ਇਰਾਦਾ ਰੱਖਦਾ ਹਾਂ। ਮੇਰੇ ਖ਼ਿਆਲ ਵਿਚ ਨਿੱਕੀ ਕਹਾਣੀ ਦਾ ਪ੍ਰੰਪਰਾ ਦੇ ਸੰਬੰਧ ਵਿਚ ਵੀ ਅਤੇ ਅੱਜ ਦੀ ਨਿੱਕੀ ਕਹਾਣੀ ਦੀ ਵਿਲੱਖਣਤਾਂ ਦੇ ਪੱਖੋਂ ਵੀ ਇਹ ਤਿੰਨ ਥੀਮਜ਼ ਵਧੇਰੇ ਮਹੱਤਵਪੂਰਨ ਹਨ, ਅਤੇ ਵਿਚਾਰਿਆ ਜਾਣਾ ਮੰਗਦੀਆਂ ਹਨ।

ਜੇ ਅੱਜ ਦੀ ਕਹਾਣੀ ਬਾਰੇ ਇਹ ਪਛਿਆ ਜਾਏ ਕਿ ਕਿਹੜਾ ਇਕ ਵਿਸ਼ਾ ਹੈ, ਜਿਸ ਬਾਰੇ ਗਿਣਤੀ ਵਿਚ ਸਭ ਤੋਂ ਵਧ ਕਹਾਣੀਆਂ ਲਿਖੀਆਂ ਮਿਲਦੀਆਂ ਹਨ, ਤਾਂ ਨਿਰਸੰਦੇਹ ਇਹ ਵਿਸ਼ਾ ਹੈ - ਲਿੰਗ-ਸੰਬੰਧ। ਇਹ ਐਸੇ ਸੰਬੰਧ ਹਨ, ਜਿਨ੍ਹਾਂ ਬਾਰੇ ਅੱਜ ਦਾ ਲਗਭਗ ਹਰ ਕਹਾਣੀ ਲੇਖਕੇ ਆਪਣੀ ਪੁਜੀਸ਼ਨ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਦੀ ਨਿੱਕੀ ਕਹਾਣੀ ਦੇ ਅਰਥ-ਸੰਚਾਰ ਦੀ ਪ੍ਰਣਾਲੀ ਵਿਚ ਲਿੰਗ ਅਤੇ ਲਿੰਗ-ਸੰਬੰਧਾਂ ਨੇ ਉਚੇਚੇ ਚਿੰਨ੍ਹ ਹੋਣ ਦੀ ਮਹੱਤਤਾ ਧਾਰਨ ਕਰ ਲਈ ਹੈ।