ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਗਦਾ ਦਰਿਆ ਵਿਅਕਤੀ, ਸਮਾਜ ਅਤੇ ਇਤਿਹਾਸ ਦੇ ਸੰਬਾਦਕ ਰਿਸ਼ਤੇ ਨੂੰ ਸਰਬਪੱਖੀ ਤਰ੍ਹਾਂ ਨਾਲ ਪੇਸ਼ ਕਰਦੇ ਹਨ। ਸਰਦਾਰ ਬਹਾਦਰ ਸਿੰਘ ਇਕ ਦੇਵ-ਕਦ ਹਸਤੀ ਵਾਂਗ ਸਾਹਮਣੇ ਆਉਂਦਾ ਹੈ ਜਿਹੜਾ ਸਮੇਂ ਦੇ ਵਹਿਣ ਨੂੰ ਠਲ੍ਹਣ ਅਤੇ ਮੋੜਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਹਾਰ ਅਟੱਲ ਹੈ ਅਤੇ ਇਸ ਉਤੇ ਸਾਨੂੰ ਕੋਈ ਦੁੱਖ ਨਹੀਂ ਹੁੰਦਾ। ਤਾਂ ਵੀ ਬਹਾਦਰ ਸਿੰਘ ਸਾਡੀ ਹਮਦਰਦੀ ਦਾ ਪਾਤਰ ਬਣਿਆ ਰਹਿੰਦਾ ਹੈ, ਕਿਉਂਕਿ ਉਸ ਦੀ ਸਾਰੀ ਲੜਾਈ ਜ਼ਾਤ ਦੀ ਪੱਧਰ ਉਤੇ ਨਹੀਂ, ਕੀਮਤਾਂ ਦੀ ਪੱਧਰ ਉਤੇ ਹੈ, ਅਤੇ ਦੂਜਿਆਂ ਦੀ ਖ਼ਾਤਰ ਅਤੇ ਆਪਣੇ ਵਿਸ਼ਵਾਸਾਂ ਲਈ ਆਪਾ ਵਾਰਨ ਦਾ ਉਸ ਦਾ ਬੁਨਿਆਦੀ ਗੁਣ ਮਨੁੱਖੀ ਕਦਰਾਂ-ਕੀਮਤਾਂ ਦੇ ਪੈਮਾਨੇ ਉਤੇ ਫਿਰ ਵੀ ਉਚੇਰੀ ਥਾਂ ਰਖਦਾ ਹੈ। ਇਹ ਇਕ ਵੱਖਰੀ ਗੱਲ ਹੈ ਕਿ ਉਸ ਦੇ ਵਿਸ਼ਵਾਸ ਹੁਣ ਸਮੇਂ ਨੇ ਸਾਰਥਕ ਨਹੀਂ ਰਹਿਣ ਦਿੱਤੇ, ਅਤੇ ਇਸ ਗੱਲ ਦਾ ਅਹਿਸਾਸ ਉਸ ਨੂੰ ਉਦੋਂ ਹੁੰਦਾ ਹੈ ਜਦੋਂ ਉਹ ਆਪਣੀਆਂ ਸਾਰੀਆਂ ਤਾਕਤਾਂ ਇਹਨਾਂ ਦੀ ਰਾਖੀ ਲਈ ਦਾਅ ਉਤੇ ਲਾ ਚੁੱਕਦਾ ਅਤੇ ਹਾਰ ਜਾਂਦਾ ਹੈ।

"ਪੌਣਾ ਆਦਮੀ" ਇਕ ਹੋਰ ਐਸੀ ਕਹਾਣੀ ਹੈ ਜਿਹੜੇ ਵਿਅਕਤੀ, ਸਮਾਜ ਅਤੇ ਸਮੇਂ ਨੂੰ ਆਪਣੀ ਲਪੇਟ ਵਿਚ ਲੈਣ ਕਰਕੇ "ਤੂੜੀ ਦੀ ਪੰਡ" ਜਿੰਨੀ ਹੀ ਬਲਵਾਨ ਹੈ। ਵਿਰਕ ਇੱਕ ਸਚਾਈ ਨੂੰ ਬੜੇ ਸਰਲ ਅਤੇ ਸੁਭਾਵਕ ਜਿਹੇ ਤਰੀਕੇ ਨਾਲ ਪੇਸ਼ ਕਰ ਗਿਆ ਹੈ, ਜਿਸ ਨੂੰ ਸਮਝਾਉਣ ਲਈ ਬੁਧੀਮਾਨ ਸਿਆਸਤਦਾਨ ਦਲੀਲਾਂ ਦੇ ਢੇਰ ਲਾ ਛੱਡਦੇ ਹਨ। ਆਜ਼ਾਦੀ ਮਿਲਣ ਤੋਂ ਪਹਿਲਾਂ ਦੇਸ਼ ਦੇ ਅਮੀਰ ਵੀ ਅਤੇ ਗ਼ਰੀਬ ਵੀ ਪੂਰੇ ਆਦਮੀ ਨਹੀਂ ਸਨ, ਕਿਉਂਕਿ ਸਾਰੇ ਪਰਾਧੀਨ ਸਨ, ਉਹਨਾਂ ਕੋਲ ਆਪਣਾ ਕੁਝ ਵੀ ਨਹੀਂ ਸੀ, ਸਭ ਕੁਝ ਹਾਕਮਾਂ ਦੇ ਰਹਿਮ ਉਤੇ ਸੀ। ਆਜ਼ਾਦੀ ਮਿਲਣ ਪਿੱਛੋ ਜਿਨਾਂ ਕੋਲ ਅਪਣਾ ਕੁਝ ਸੀ, ਉਹ ਤਾਂ ਉਸ ਦੇ ਪੂਰੇ ਮਾਲਕ ਹੋ ਗਏ ਅਤੇ ਪੂਰੇ ਮਨੁੱਖ ਬਣ ਗਏ। ਪਰ ਜਿਨ੍ਹਾਂ ਕੋਲ ਆਪਣਾ ਕੁਝ ਵੀ ਨਹੀਂ ਸੀ, ਉਹ ਫਿਰ ਵੀ ਪਰਾਧੀਨ, ਪੂਰੇ ਬਣੇ ਮਨੁੱਖਾਂ ਦੇ ਰਹਿਮ ਉਤੇ, ਪੌਣੇ ਦੇ ਪੌਣੇ ਆਦਮੀ ਬਣੇ ਰਹੇ। ਅਸਿੱਧਾ ਸੁਝਾਅ ਇਹ ਹੈ ਕਿ ਕੀ ਉਹਨਾਂ ਨੂੰ ਵੀ ਪੂਰੇ ਆਦਮੀ ਬਣਾਉਣਾ ਹੈ ਜਾਂ ਕਿ ਪੌਣੇ ਆਦਮੀਆਂ ਦੀ ਕੌਮ ਨਾਲ ਹੀ ਗੁਜ਼ਾਰਾ ਚਲਾਈ ਜਾਣਾ ਹੈ? ਕਹਾਣੀ ਵਿਚ ਹੀ ਇਹ ਸੁਝਾਅ ਲੁਕਿਆ ਪਿਆ ਹੈ ਕਿ ਇਹ ਗੁਜ਼ਾਰਾ ਚਲਣਾ ਮੁਸ਼ਕਲ ਹੈ, ਕਿਉਂਕਿ ਪੌਣਾ ਆਦਮੀ ਅਪਣੇ ਅਧੂਰੇਪਣ ਤੋਂ ਚੇਤਨ ਹੋ ਚੁੱਕਾ ਹੈ ਅਤੇ ਇਸ ਕਸਰ ਨੂੰ ਪੂਰਿਆਂ ਕਰਨ ਲਈ ਯਤਨਸ਼ੀਲ ਹੈ।

ਵਿਸ਼ੇ-ਵਸਤ ਦੇ ਪੱਖੋਂ, ਵਿਰਕ ਦਾ ਇਕ ਪ੍ਰਧਾਨ ਗੁਣ ਉਸ ਦਾ ਮਾਨਵਵਾਦ ਹੈ। ਜਿਹੜਾ ਉਸ ਦੀਆਂ ਸਾਰੀਆਂ ਕਹਾਣੀਆਂ ਵਿਚ ਮਿਲਦਾ ਹੈ, ਭਾਵੇਂ ਉਹ ਜੀਵਨ ਦੇ ਕਿਸੇ ਖੇਤਰ ਨਾਲ ਵੀ ਸੰਬੰਧਿਤ ਕਿਉਂ ਨਾ ਹੋਣ। ਮਾਨਵਵਾਦ ਤੋਂ ਭਾਵ ਉਹਨਾਂ ਸਾਰੀਆਂ ਹਾਲਤਾਂ ਵਲ ਧਿਆਨ ਦੁਆਉਣਾ ਹੈ, ਸਗੋਂ ਅਕਸਰ ਉਹਨਾਂ ਉੱਤੇ ਵਿਅੰਗ ਕੱਸਣਾ ਹੈ, ਜਿਹੜੀਆਂ ਹਾਲਤਾਂ ਮਨੁੱਖ ਨੂੰ ਦੁਖੀ ਕਰ ਰਹੀਆਂ ਹਨ, ਜਾਂ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦੇਦੀਆਂ। ਇਸ ਵਿਚ ਖ਼ਾਸ ਇਹਨਾਂ ਹਾਲਤਾਂ ਦਾ ਸ਼ਿਕਾਰ ਹੋਏ ਲੋਕਾਂ ਨਾਲ ਉਸ ਦੀ ਹਮਦਰਦੀ

108