ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/22

ਇਹ ਸਫ਼ਾ ਪ੍ਰਮਾਣਿਤ ਹੈ

ਘੁੱਟ... ਨਾਲ ਖੜੀ ਨਨਾਣ ਦੇ ਮੋਢੇ 'ਤੇ ਸਿਰ ਰਖ ਲੈਂਦੀ। (ਚੁੱਪੀ) ਬਾਬੇ ਨੇ ਫਕੀਰੀ ਬਾਣਾ ਤਨ ਲਾਇਆ। ਲੇਬੇ ਵਿਛੋੜੇ ਦੀ ਕੰਨਸੋ ਉਸ ਸੁਣ ਲਈ ਸੀ! (ਟਕਟਕੀ ਲਾ ਕੇ ਦੇਖਦਾ ਹੈ।)

ਪਤਾ ਨਹੀਂ ਮੈਂਨੂੰ ਕਿਉਂ ਲੱਗਿਆ... ਖੱਬੇ-ਸੱਜੇ ਉਹਦੇ ਅੰਮੀ ਤੇ ਅੱਲਾ ਰੱਖੀ ਖੜੀਆਂ! ਉਨ੍ਹਾਂ ਉਹ ਦੇਖ ਲਿਆ ਜਿਸਦਾ ਹਾਲੇ ਕਿਸੇ ਨੂੰ ਇਲਮ ਨਹੀਂ ਸੀ।

ਚੁੱਪੀ!

"ਸਾਜ਼ ਰਾਜ਼ੀ ਏ ਭਾਈ ਮਰਦਾਨਿਆ!" ਬਾਬੇ ਦੀ ਆਵਾਜ਼ ਤੇ ਮੈਂ ਬਸ ਤੁਰ ਪਿਆ। ਵਿਛੋੜਾ ਤਲਵੰਡੀਓਂ ਸੁਲਤਾਨਪੁਰ ਆ ਗਿਆ ਤੇ ਨਾਲ-ਨਾਲ ਤੁਰਨ ਲੱਗਾ। (ਕਾਹਲੀ-ਕਾਹਲੀ ਤੁਰਦਾ ਹੈ ਜਿਵੇਂ ਕਿਸੇ ਤੋਂ ਪਿੱਛਾ ਛੁਡਾਉਣਾ ਚਾਹੁੰਦਾ ਹੋਵੇ।) ਬਾਬੇ ਦੀ ਬਸ ਪਿੱਠ ਈ ਦਿਖਦੀ। ਉਹ ਤੁਰਿਆ ਜਾਂਦਾ ਤੇ ਗਾਉਂਦਾ ਜਾਂਦਾ। ਕਈ ਵਾਰ ਤਾਂ ਕੋਈ ਸੁਣਨ ਵਾਲਾ ਵੀ ਨਹੀਂ ਸੀ! (ਰਫ਼ਤਾਰ ਹੌਲੀ) ਮੇਰਾ ਗਲਾ ਸੁੱਕਦਾ ਦੇਖ... ਉਹ ਇੱਕ ਖੂਹ 'ਤੇ ਰੁੱਕ ਗਿਆ।

ਮੌਣ 'ਤੇ ਖੜੇ ਜਨੇਊ ਨੇ ਭਵਾਂ ਚੁੱਕ ਲਈਆਂ..., ਭਗਵਾਂ ਚੋਗਾ ਤੇ ਪਿੱਛੇ ਮੁਸਲਮਾਨੀ ਪਹਿਰਾਵਾ! "ਕੌਣ ਜਾਤ?" ਓਕ ਬਣਦੇ ਬਾਬੇ ਦੇ ਹੱਥ ... ਥਾਏਂ ਮੁੜ ਆਏ। "ਚੱਲ ਮਰਦਾਨਿਆ।" (ਮੁੜ ਕਾਹਲੀ-ਕਾਹਲੀ ਤੁਰਨ ਲਗਦਾ ਹੈ।) ਖੁਹ ਦੇ ਨਾਲ ਪਿਆਸ ਵੀ ਪਿੱਛੇ ਰਹਿ ਗਈ ਸੀ। ਕਈ ਖੂਹ ਲੰਘੇ ਬਾਬੇ ਨੇ ਅੱਖ ਚੁੱਕ ਨਾ ਦੇਖਿਆ। ਇੱਕ ਥਾਂਏ ਬਾਬਾ ਰੁਕਿਆ; ਕੱਚਾ ਖੂਹ...ਨਾ ਮੌਣ ਨਾ ਚੌਂਤਰਾ...! (ਆਪ ਹੀ ਬਾਂਹ ਚੁੱਕ ਕੇ ਪਾਣੀ ਪਿਆਉਣ ਦਾ ਅਭਿਨੈ ਕਰਦਾ ਹੈ ਤੇ ਆਪ ਹੀ ਨੀਝ ਲਾ ਕੇ ਦੇਖਦਾ ਹੈ।)

ਲੰਬੇ ਲੰਬੇ ਘੁੱਟ ਉਸਦੇ ਗਲੇ 'ਚੋਂ ਥੱਲੇ ਉਤਰਦੇ ਚਲੇ ਗਏ। ਚਮੜੇ ਦਾ ਡੋਲ ਹੇਠਾਂ ਹੋਇਆ, "ਰਾਹੀਆ ਤੂੰ ਮੇਰੀ ਜਾਤ ਨੀ ਪੁੱਛੀ।" ਓਸਨੇ ਜਿਵੇਂ ਸਾਜ਼ ਨੂੰ ਉਂਗਲ ਛੁਹਾ ਦਿੱਤੀ! ਕਾਇਨਾਤ ਨੇ ਮੁੜ ਓਕ ਬਣਾ ਲਈ ... ਤੇ ਗਾਉਣ ਲੱਗੀ! ਰਾਤ ਦੀ ਸੰਗਤ

22