ਪੰਨਾ:ਸ਼੍ਰੀਮਾਨ ਹਨੂਮਾਨ ਜੀ ਦਾ ਜੀਵਨ ਚਰਿਤ੍ਰ.pdf/20

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪ )


ਦਖੱਨ ਨੂੰ ਬਿਨਾ ਰੋਕ ਟੋਕਦੇ ਸਾਫ਼ ਚਲੀ ਜਾਂਦੀ ਹੈ । ਅੱਗੇ ਕਦੇ ਅਜੇਹਾ ਚੌਕ ਅਸਾਂ ਨਹੀਂ ਵੇਖਿਆ ਸੀ ਏਸ ਕਰਕੇ ਬੜਪ੍ਰੇਮ ਨਾਲ ਖਲੋਕੇ ਅਸੀ ਵੇਖਨ ਹੀ ਲੱਗੇ ਸਾਂ ਕਿ ਏਤਨੇ ਵਿੱਚ ਪੋਸ਼ ਪੋਸ਼ ਦੀ ਅਵਾਜ਼ ਸੁਨਾਈ ਦਿੱਤੀ ਅਸੀ ਭੀ ਇਕ ਪਾਸੇ ਹੋਗਏ । ਪੁਛੇਨ ਤੇ ਮਲੂਮ ਹੋਇਆ ਕਿ ਬੁਧ ਪ੍ਰਕਾਸ਼ ਪ੍ਰਧਾਨ ਜੀ ਦੀ ਸਵਾਰੀ ਆਰਹੀ ਹੈ ਜੋ ਮਹਾਰਾਜ ਮਹੇਂਦਰਰਾਯ ਜੀ ਦੇ ਮੈਹਲਾਂ ਨੂੰ ਜਾ ਰਿਹਾ ਹੈ, ਆਹਾ! ਏਹ ਤਾਂ ਮਹੇਂਦਰ ਪੁਰ ਹੈ ਜਿਸਦੇ ਨਾਂ ਤੋਂ ਸਾਡੇ ਪਾਠਕਗਣ ਚੰਗੀ ਤਰ੍ਹਾਂ ਵਾਕਫ਼ ਹਨ ॥

ਰਾਜਾਮਹੇਂਦਰਰਾਯ ਦਾ ਨਾਂ ਸੁਨਦਿਆਂ ਸਾਰ ਸਾਡੀ ਲਾਲਸਾ ਹੋਰ ਵੱਧ ਗਈ, ਅਤੇ ਅਸੀ ਓਸ ਸਵਾਰੀ ਦੇ ਪਿੱਛੇ ੨ ਲੱਗ ਪਏ, ਥੋੜੀ ਦੂਰ ਗਏ ਹੋਵਾਂਗੇ ਕਿ ਇੱਕ ਵੱਡਾ ਸਾਰਾ ਲੋਹੇ ਦਾ ਦਰਵੱਜਾ ਦਿਸ ਪਿਆ, ਜਿਦੀ ਦੁਹੀਂ ਪਾਂਸੀ ਦੋ ਸਿਪਾਹੀ ਨੰਗੀਆਂ ਤਲਵਾਰਾਂ ਲੈਕੇ ਪੈਹਰਾ ਦੇ ਰਹੇ ਸਨ, ਪ੍ਰਧਾਨ ਜੀ ਨੂੰ ਦੇਖਦਿਆਂ ਹੀ ਦਰਵਾਜਾ ਖੋਲਿਆ ਗਿਆ ਅਤੇ ਉਸਦੀ ਸਵਾਰੀ ਅੰਦਰ ਚਲੀ ਗਈ, ਅਸੀ ਭੀ ਪਰਛਾਵੇਂ ਵਾਂਗੂੰ ਨਾਲ ੨ ਹੀ ਸਿਪਾਹਿਆਂ ਦੀ ਨਜ਼ਰ ਬਚਾਕੇ ਨਿਕਲ ਗਏ ॥

ਅੰਦਰ ਵੜਦਿਆਂ ਈਂ ਬੜੀਂਆਂ ਸੋਹਨੀਆਂ ਅਮਾਰਤਾਂ ਨਜ਼ਰ ਪਈਆਂ ਪਰ ਓਨ੍ਹਾਂ ਨੂੰ ਚੰਗੀ ਤਰ੍ਹਾਂ ਵੇਖਹੀ ਨ ਸਕੇ ਕਹਿ ਪ੍ਰਧਾਨ ਜੀ ਦੇ ਨਾਲ ਹੀ ਖੱਬੇ ਪਾਸੇ ਦੇ ਦਲਾਨ ਵਿੱਚ ਜਿਸ ਦੀਆਂ ਕੰਧਾਂ ਸੰਖਮਰਮਰ ਦੀਆਂ ਡਾਢੀਆਂ ਸਾਫ਼ ਸੁਥਰੀਆਂ ਬਨੀਆਂ ਹੋਈਆਂ ਹਨ ਅਤੇ ਜਿਸਦੇ ਵਿੱਚ ਬੜਾ ਕੀਮਤੀ ਗਲੀਚਾ ਵਿਛਿਆ ਹੋਇਆ ਸੀ ਚਲੇ ਗਏ, ਇਸ ਦਲਾਨ ਵਿੱਚ ਇੱਕ ਝਾੜ ਲਟਕ ਰਿਹਾ ਹੈ ਜਿਸਦਾ ਉਜਾਲਾ ਦਿਨ ਦੇ ਪ੍ਰਕਾਸ਼ ਨੂੰ ਭੀ ਸ਼ਰਮਿੰਦੇਆਂ ਕਰ ਰਿਹਾ ਹੈ ਅਤੇ ਲਾਲ ਗ਼ਲੀਚੇ ਉੱਤੇ ਹਰੀ ਮਖ਼ ਮੱਲ ਦਾ ਗਦੇਲਾ ਵਿਛਿਆ ਹੋਇਆ ਹੈ, ਜਿਸਦੇ ਉਤੇ ਮਹਾਰਾਜਾ ਮਹੇਂਦਰ ਰਾਯ ਬੈਠਾ ਹੈ ਅਤੇ ਮੰਤ੍ਰੀ ਜੀ ਦੇ ਨਾਲ ਗੱਲਾਂ ਕਰ ਰਿਹਾ ਹੈ, ਪ੍ਰਧਾਨ ਵੱਲ ਵੇਖਕੇ ਕਹਨ ਲੱਗਾ ॥

ਰਾਜਾ—ਆਓ ਪ੍ਰਧਾਨ ਜੀ ਹੁਣੇ ਤੁਹਾਨੂੰ ਯਾਦ ਕੀਤਾ ਸੀ ॥