ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸੀਬ ਹੋਈ।ਉਧਰੋਂ ਬੱਚੇ ਆਪੋ ਆਪਣੀਆਂ ਕੌਲੀਆਂ, ਬਾਟੀਆਂ ਲਈ ਸਾਡੇ ਉਦਾਲੇ ਹੋਏ ਖੜ੍ਹੇ ਸਨ, ਉਡੀਕ ਰਹੇ ਸਨ ਕਿ ਹੁਣ ਡੈਡੀ ਦੀ ਮਸ਼ੀਨ ਨੇ ਸ ਦੀਆਂ ਲਹਿਰਾਂ-ਬਹਿਰਾਂ ਕਰ ਦੇਣੀਆਂ ਹਨ ਪ੍ਰੰਤੂ ਸਭ ਦੇ ਪੱਲੇ ਨਿਰਾਸ਼ਾ ਤੋਂ ਸਿਵਾ ਹੋਰ ਕੁਝ ਨਹੀਂ ਪਿਆ। ਉਧਰੋਂ ਸ੍ਰੀਮਤੀ ਜੀ ਔਖੇ ਹੋਏ ਖੜੇ ਬੁੜ ਬੁੜ ਕਰੀ ਜਾਣ ਅਖੇ ਅੱਗੇ ਵੀ ਥੋਡੀ ਲਿਆਂਦੀ ਕੋਈ ਚੀਜ਼ ਚੱਲੀ ਐ? ਐਵੇਂ ਪੈਸੇ ਲਾਉਣ ਲੱਗੇ ਅੱਗਾ-ਪਿੱਛਾ ਨੀਂ ਦੇਖਦੇ। ਅਸੀਂ ਤਾਂ ਸਗੋਂ ਸੰਤਰੇ ਮੁਸੱਮੀਆਂ ਵੀ ਖਰਾਬ ਕਰ ਬੈਠੇ। ਇਵੇਂ ਹੀ ਇੱਕ ਵਾਰ ਆਲੂ ਚਿਪਸ ਬਣਾਉਣ ਵਾਲੀ ਮਸ਼ੀਨ ਨੇ ਸਾਡੇ ਨਾਲ ਕੀਤੀ। ਬਰਸਾਤਾਂ ਦੇ ਦਿਨ ਸਨ। ਅਸੀਂ ਚਿਪਸ ਬਣਾਉਣ ਵਾਲੀ ਮਸ਼ੀਨ ਲਿਆਏ ਪ੍ਰੰਤੂ ਜਦੋਂ ਪੰਜ-ਸੱਤ ਦਿਨ ਬਾਅਦ ਆਲੂ ਚਿਪਸ ਬਣਾਉਣ ਲਈ ਮਸ਼ੀਨ ਨੂੰ ਲਿਫਾਫੇ ਵਿੱਚੋਂ ਕਢਿਆ ਤਾਂ ਉਹ ਜੰਗਾਲ ਨਾਲ ਭਰੀ ਪਈ ਸੀ। ਅਸੀਂ ਆਲੂਆਂ ਵਿੱਚੋਂ ਚਿਪਸ ਤਰਾਸ਼ਣ ਦੀ ਕੋਸ਼ਿਸ਼ ਕੀਤੀ ਪ੍ਰੰਤੁ ਮਸ਼ੀਨ ਨੇ ਆਲੂਆਂ ਵਿੱਚ ਖੁੱਭਣ ਤੋਂ ਸਾਫ ਇਨਕਾਰ ਕਰ ਦਿੱਤਾ।

ਇਸ ਤੋਂ ਬਿਨਾਂ ਸਰਕਾਰ ਵੀ ਮੁਫ਼ਤ ਦੇ ਤੋਹਫੇ ਦੇਣ ਵਾਲਿਆਂ ਤੋਂ ਕਿਸੇ ਤਰ੍ਹਾਂ ਘੱਟ ਨਹੀਂ ਹੈ। ‘ਤਾਏ ਦੀ ਧੀ ਚੱਲੀ, ਮੈਂ ਕਿਉਂ ਰਵਾਂ ਕੱਲੀ’ ਦੇ ਅਖਾਣ ਮੁਤਾਬਕ ਸਰਕਾਰ ਕਿਹੜਾ ਕਿਸੇ ਤੋਂ ਘੱਟ ਹੈ। ਭਾਵੇਂ ਸਬਸਿਡੀ ਸਕੀਮਾਂ ਅਤੇ ਹੋਰ ਸਰਕਾਰੀ ਪ੍ਰਾਜੈਕਟਾਂ ਵਿੱਚ ਕੀਤੀਆਂ ਜਾ ਰਹੀਆਂ ਹੇਰਾ-ਫੇਰੀਆਂ, ਬਿਜਲੀ ਚੋਰੀ, ਆਮਦਨ ਕਰ ਚੋਰੀ ਕਾਰਨ ਨਿਤਾ-ਪ੍ਰਤੀ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਚੂਨਾ ਲਗਾਤਾਰ ਲੱਗੀ ਜਾ ਰਿਹਾ ਹੈ। ਫਿਰ ਵੀ ਸਰਕਾਰ ਮੁਫ਼ਤ ਤੋਹਫ਼ੇ ਦੇਣ ਵਾਲੀ ਸੇਵਾ ਤੋਂ ਵਾਂਝੇ ਨਹੀਂ ਰਹਿਣਾ ਚਾਹੁੰਦੀ।

ਆਮਦਨ ਕਰ ਬਚਾਉਣ ਲਈ ਇਨਾਮੀ ਕੂਪਨ ਅਤੇ ਆਮਦਨ ਕਰ ਵੇਲੇ ਸਿਰ ਚੁਕਾਉਣ ਵਾਲਿਆਂ ਨੂੰ ਕਈ ਪ੍ਰਕਾਰ ਦੇ ਇਨਸੈਂਟਿਵ ਦੇ ਕੇ ਆਕਰਸ਼ਿਤ ਕੀਤਾ ਜਾ ਰਿਹਾ ਹੈ। ‘ਕੂਪਨ ਖੁਰਚੋ ਇਨਾਮ ਪਾਓ’ ਦੀ ਸਕੀਮ ਦੀ ਅੱਜਕੱਲ੍ਹ ਬੜੀ ਕਰੇਜ਼ ਚੱਲ ਰਹੀ ਹੈ। ਸਕੂਟਰ, ਟੀ.ਵੀ., ਫਰਿੱਜ ਆਦਿ ਮੋਟੀਆਂ ਆਈਟਮਾਂ, ਜਾਣੀ ਸਾਬਣ, ਕੱਛੇ ਬਨੈਣਾਂ, ਬਿਸਕੁਟ, ਡਬਲ ਰੋਟੀਆਂ, ਟੁੱਥ ਪੇਸਟਾਂ ਆਦਿ ’ਤੇ ਆਮ ਪ੍ਰਚਲਤ ਹੋ ਗਈ ਹੈ। ਅਸੀਂ ਵੀ ਇੱਕ ਵਾਰ ਦੁਪਹਿਰ ਦੀ ਚਾਹ ਨਾਲ ਬਰੈਂਡ ਦਾ ਇੱਕ ਪੈਕਟ ਮੰਗਵਾਇਆ। ਖੋਲ੍ਹਣ ’ਤੇ ਇਨਾਮੀ ਕੁਪਨ ਪ੍ਰਾਪਤ ਹੋਇਆ। ਸਾਰੇ ਜਾਣੇ ਬੜੀ ਉਤਸੁਕਤਾ ਨਾਲ ਬੋਲੇ, ਚਾਹ ਤਾਂ ਫੇਰ ਹੀ ਪੀਵਾਂਗੇ ਪਹਿਲਾਂ ਕੂਪਨ ਖੁਰਚ ਲਿਆ ਜਾਵੇ। ਸੋਚਿਆ ਹੁਣੇ ਹੀ ਕਿਸੇ ਅਸਟੀਮ ਜਾਂ ਮਾਰੂਤੀ ਕਾਰ ਦੇ ਮਾਲਕ ਬਣਨ ਵਾਲੇ ਹਾ। ਫਰਿੱਜ ਜਾਂ ਕਲਰ ਟੀ.ਵੀ. ਤਾਂ ਕਿੱਧਰੇ ਨਹੀਂ ਗਿਆ। ਚਲੋ ਬਿਜਲੀ ਦਾ ਪੱਖਾ ਜਾਂ ਇਲੈਕਟਿਕ ਟਾਰਚ ਹੀ ਸਹੀ। ਚਾਹ ਵੀ ਠੰਡੀ ਕੀਤੀ ਜਦੋਂ ਖੁਰਚਿਆ ਤਾਂ ਲਿਖਿਆ ਮਿਲਿਆ ਟਰਾਈ ਅਗੇਨ। ਅਸੀਂ ਇਹ ਸੋਚਿਆ ਹੀ ਨਹੀਂ ਸੀ ਕਿ ਇਹ ਮਜਾਕ ਵੀ ਸਾਡੇ ਨਾਲ ਹੀ ਹੋ ਸਕਦਾ ਹੈ।

ਸੁੱਧ ਵੈਸ਼ਨੂੰ ਢਾਬਾ/84