ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/82

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੰਜੂਸੀ ਦੀਆਂ ਹੱਦਾਂ ਪਾਰ ਕਰਦੇ ਹੋਏ ਤੁਹਾਡੀ ਜੇਬ ਵਿੱਚੋਂ ਪੈਸਾ ਕੱਢਣ ਲਈ ਤੁਹਾਨੂੰ ਲਾਜਮੀ ਮਜਬੂਰ ਕਰ ਦੇਣਗੇ।ਉਨ੍ਹਾਂ ਦੁਆਰਾ ਦਿਖਾਏ ਗਏ ਸਬਜ਼ਬਾਗ ਵੱਡੇ-ਵੱਡੇ ਮੱਖੀ ਚੂਸਾਂ ਦੀਆਂ ਜੇਬਾਂ ਸਾਫ ਕਰਨ ਦੀ ਸਮਰਥਾ ਰੱਖਦੇ ਹਨ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਤੁਹਾਡੀ ਜੇਬ ਵਿੱਚ ਪਿਆ, ਦਸਾਂ, ਵੀਹਾਂ ਜਾਂ ਪੰਜਾਹਾਂ ਦਾ ਨੋਟ ਇੱਕ ਲਾਟਰੀ ਟਿਕਟ ਜਾਂ ਇਨਾਮੀ ਕੂਪਨ ਵਿੱਚ ਬਦਲ ਗਿਆ ਹੈ। ਜਿਹੜੇ ਆਦਮੀ ਇਕਹਿਰੇ ਲਾਭ ਦੇ ਲਾਲਚ ਵਿੱਚ ਨਹੀਂ ਫਸਦੇ ਉਨ੍ਹਾਂ ਨੂੰ ਦੂਹਰਾ ਲਾਲਚ, ਲਾਜ਼ਮੀ ਹੀ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ ਕਿਉਂਕਿ ਨਾਲੇ ਪੁੰਨ ਨਾਲੇ ਫਲੀਆਂ। ਇਨ੍ਹਾਂ ਲਾਟਰੀ ਟਿਕਟਾਂ ਅਤੇ ਇਨਾਮੀ ਕੂਪਨਾਂ ਦੁਆਰਾ ਇਕੱਤਰ ਰਾਸ਼ੀ ਨਾਲ ਕੋਈ ਅਯਾਸ਼ੀ ਨਹੀਂ ਕੀਤੀ ਜਾਣੀ ਬਲਕਿ ਬੇਸਹਾਰਾ, ਲੂਲੇ-ਲੰਗੜੇ, ਅਪਾਹਜਾਂ, ਯਤੀਮਾਂ, ਅਨਾਥਾਂ, ਗਰੀਬ ਲੜਕੀਆਂ ਦੀਆਂ ਸ਼ਾਦੀਆਂ ਅਤੇ ਹੋਰ ਧਰਮ ਕਰਮ ਦੇ ਕਾਰਜਾਂ ਵਿੱਚ ਹੀ ਲਾਈ ਜਾਣੀ ਹੈ। ਕੋਈ ਗੱਲ ਨਹੀਂ ਜੇ ਇਸ ਜਨਮ ਵਿੱਚ ਇਨਾਮ ਨਾ ਵੀ ਨਿਕਲਿਆ ਤਾਂ ਅਗਲੇ ਜਨਮ ਤਾਂ ਸੱਤਰ ਗੁਣਾ ਕਿੱਧਰੇ ਨਹੀਂ ਗਏ।

ਲਓ ਜੀ! ਜੇਕਰ ਹਾਲੇ ਵੀ ਤੁਹਾਡੀ ਤਸੱਲੀ ਨਹੀਂ ਹੁੰਦੀ ਤਾਂ ਜ਼ਰਾ ਅਗਲੇ ਸ਼ਹਿਰ ਤੱਕ ਦਾ ਸਫ਼ਰ ਕਰ ਲਵੋ। ਸਫਰ ਕਰਦੇ ਸਮੇਂ, ਬੱਸਾਂ, ਗੱਡੀਆਂ ਵਿੱਚ ਜਿਥੇ ਅਨੇਕਾਂ ਪ੍ਰਕਾਰ ਦੇ ਮੰਗਤੇ, ਕੁਝ ਹੱਟੇ-ਕੱਟੇ, ਕੁਝ ਅਪਾਹਜ, ਕੁਝ ਕਾਲ, ਸੋਕਾ ਜਾਂ ਹੜ੍ਹ ਪੀੜਤ, ਕੁਝ ਗਾਉਣ-ਵਜਾਉਣ ਵਾਲੇ ਅਤੇ ਕੁਝ ਪਿੰਗਲਵਾੜੇ ਦੇ ਦਾਨ ਪਾਤਰਾਂ ਵਾਲੇ ਸਾਨੂੰ ਆਮ ਮਿਲਦੇ ਹਨ, ਉਥੇ ਮੁਫ਼ਤ ਸੇਵਾ ਕਰਨ ਵਾਲੇ ਸੱਜਣਾਂ ਦੀ ਕੋਈ ਕਮੀ ਨਹੀਂ ਹੁੰਦੀ। ਇਕ ਸੱਜਣ ਬੜੀ ਤੇਜੀ ਨਾਲ ਬੱਸ ਚੜ੍ਹਦਾ ਹੈ। ਬੱਸ ਦੀ ਛੱਤ ਨੂੰ ਆਪਣੇ ਖਰਵੇ ਪੁੱਠੇ ਹੱਥ ਨਾਲ ਦੋ-ਤਿੰਨ ਵਾਰ ਕਾਹਲੀ ਕਾਹਲੀ ਥਪਥਪਾਉਂਦਾ ਹੈ ਅਤੇ ਆਪਣੀ ਟਾਟੀ ਆਵਾਜ਼ ਨਾਲ ਆਪਣਾ ਭਾਸ਼ਣ ਸ਼ੁਰੂ ਕਰ ਦਿੰਦਾ ਹੈ। ਲਓ ਜੀ! ਮੇਹਰਬਾਨ! ਕਦਰਦਾਨ! ਤੁਸੀਂ ਲਾਜ਼ਮੀ ਹੀ ਬੜੀਆਂ ਜ਼ਰੂਰੀ ਗੱਲਾਂ ਕਰਦੇ ਹੋਵੇਗੇ ਪੰਤੁ ਗੱਲਾਂ ਸਾਡੀਆਂ ਵੀ ਕੋਈ ਗੈਰ ਜ਼ਰੂਰੀ ਨਹੀਂ। ਸਮਾਂ ਤੁਹਾਡੇ ਕੋਲ ਵੀ ਘੱਟ ਹੈ, ਸਮਾਂ ਸਾਡੇ ਕੋਲ ਵੀ ਵਾਧੂ ਨਹੀਂ। ਬੱਸ ਚੱਲਣ ਵਿੱਚ ਬਸ ਇੱਕ ਅੱਧ ਮਿੰਟ ਬਾਕੀ ਹੈ। ਜ਼ਰਾ ਧਿਆਨ ਦਿਓ। ਸਾਡੀ ਕੰਪਨੀ ਨੇ ਇਹ ਚਾਕ-ਛੁਰੀ ਤਿਆਰ ਕੀਤੀ ਹੈ। ਇਸ ਨਾਲ ਆਲੂ ਛਿੱਲੋ, ਪਿਆਜ ਛਿੱਲੋ, ਘੀਆ ਛਿੱਲੋ ਭਾਵੇਂ ਕੱਦ-ਕਸ ਕਰੋ। ਮੇਰਾ ਭਾਵ ਇਹ ਮਲਟੀਪਰਪਜ ਯਾਨੀ ਬਹੁਉਦੇਸ਼ੀ ਚਾਕੂ-ਛੁਰੀ ਤੁਹਾਡੀ ਸੇਵਾ ਲਈ ਸਾਡੀ ਕੰਪਨੀ ਨੇ ਖ਼ਾਸ ਮਿਹਨਤ ਕਰਕੇ ਤਿਆਰ ਕੀਤੀ ਹੈ। ਇਹ ਛੁਰੀ ਹਰ ਸਮੇਂ ਹਰ ਪ੍ਰਕਾਰ ਦੀ ਸੇਵਾ ਲਈ ਤਿਆਰ-ਬਰ-ਤਿਆਰ ਮਿਲੇਗੀ। ਅਚਾਨਕ ਘਰ ਵਿੱਚ ਪੰਜ-ਸਤ ਮਹਿਮਾਨ ਆ ਲੱਥੇ।ਕਿਸੇ ਆਂਢ-ਗੁਆਂਢ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ। ਇਸ ਛੁਰੀ ਦੀ ਸਹਾਇਤਾ ਨਾਲ ਤੁਸੀਂ ਸਬਜ਼ੀ, ਹਲਵਾ, ਤਰਕਾਰੀ ਮਿੰਟਾਂ-ਸਕਿੰਟਾਂ ਵਿੱਚ ਤਿਆਰ ਕਰਕੇ ਆਪਣੀ ਮਹਿਮਾਨ ਨਿਵਾਜ਼ੀ

ਸੁੱਧ ਵੈਸ਼ਨੂੰ ਢਾਬਾ/82