ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਘਨ ਪਾਏ ਜਾਣ ਦੀ ਧਾਰਾ ਲਾ ਕੇ ਪਿੰਡ ਵਾਸੀਆਂ 'ਤੇ ਮੁਕਦਮਾ ਦਰਜ ਕਰਵਾਇਆ ਜਾਵੇਗਾ। ਉਪਰ ਰੇਲਵੇ ਦੇ ਗੇਟ ਮੈਨਾਂ ਦਾ ਗੱਲ ਕੀਤੀ ਗਈ ਸੀ, ਇੱਥੇ ਸਾਨੂੰ ਭਾਰਤੀ ਰੇਲਵੇ ਦੇ ਡਰਾਈਵਰਾਂ ਦੀ ਵੰਨਗੀ ਦੀ ਇੱਕ ਝਲਕ ਵੀ ਦੇਖਣ ਨੂੰ ਮਿਲ ਗਈ ਹੈ। ਇਸ ਹਿਸਾਬ ਨਾਲ ਤਾਂ ਵਿਚਾਰੇ ਟਰੱਕ ਡਰਾਈਵਰਾਂ ਦਾ ਤਾਂ ਏਵੇਂ ਹੀ ਨਾਮ ਹੀ ਬਦਨਾਮ ਹੈ। ਇੱਕ ਹੋਰ ਤਰੋਤਾਜ਼ਾ ਖ਼ਬਰ ਅਨੁਸਾਰ ਇੱਕ ਡਰਾਈਵਰ ਜਿਸ ਦੀ ਸੇਵਾਮੁਕਤੀ ਹੋਣ ਵਿੱਚ ਕੁਝ ਘੰਟੇ ਹੀ ਬਾਕੀ ਰਹਿੰਦੇ ਸਨ ਉਸ ਦੀ ਰੇਲ ਗੱਡੀ ਨੇ ਮਲੋਟ ਜਾ ਕੇ ਰੁਕਣਾ ਸੀ ਅਤੇ ਉਸ ਦੇ ਨਾਲ ਹੀ ਉਸ ਦੀ ਸੇਵਾਮੁਕਤੀ ਹੋ ਜਾਣੀ ਸੀ, ਭਾਵ ਉਸ ਦੇ ਸੇਵਾਕਾਲ ਦੀ ਇਹ ਆਖਰੀ ਫਲਾਈਟ ਹੀ ਸੀ, ਉਸ ਦੇ ਰੇਲ ਗੱਡੀ ਦੇ ਕਿਸੇ ਡਿੱਬੇ ਦੀ ਲਪੇਟ ਵਿੱਚ ਤਿੰਨ ਚਾਰ ਗਊਆਂ ਆ ਗਈਆਂ। ਦੁਰਘਟਨਾ ਕੁਝ ਇਸ ਪ੍ਰਕਾਰ ਹੋਈ ਕਿ ਉਨ੍ਹਾਂ ਦੀਆਂ ਹੱਡੀਆਂ ਅਤੇ ਮਾਸ ਦੇ ਚਿੱਥੜੀਆਂ ਨੇ ਉਸ ਡੱਬੇ ਦੇ ਚੱਕੇ ਬਿਲਕੁਲ ਜਾਮ ਕਰ ਦਿੱਤੇ ਅਤੇ ਉਹ ਜਾਮ ਹੋਏ ਚੱਕੇ ਉਵੇਂ ਹੀ ਰੇਲਵੇ ਟਰੈਕ 'ਤੇ ਘਸੀਟਦੇ ਟੁਰੇ ਆਏ ਜਿਸ ਦੀ ਰਗੜ ਕਾਰਨ ਰੇਲਵੇ ਟਰੈਕ ਵਿੱਚੋਂ ਨਿਕਲ ਰਹੇ ਚਿੰਘਆੜਿਆਂ 'ਤੇ ਕੁਦਰਤੀ ਹੀ ਇੱਕ ਗੈਂਗਮੈਨ ਦੀ ਨਿਗਾਹ ਪੈ ਗਈ ਅਤੇ ਉਸ ਨੇ ਅਮਰਜੈਂਸੀ ਝੰਡੀ ਦੇ ਗੱਡੀ ਰੁਕਵਾ ਦਿੱਤੀ।ਪੰਤੁ ਡਰਾਈਵਰ ਮੀਆਂ ਨੂੰ ਵਾਪਰੇ ਭਾਣੇ ਬਾਰੇ ਕੋਈ ਖ਼ਬਰ ਨਹੀਂ। ਨਹੀਂ ਤਾਂ ਕੁਝ ਹੀ ਮੀਟਰਾਂ ਤੇ ਜਾ ਕੇ ਗੱਡੀ ਨੇ ਲਾਈਨ ਬਦਲਣੀ ਸੀ ਅਤੇ ਗੱਡੀ ਦੇ ਉਸ ਡੱਬੇ ਨੇ ਤਾਂ ਉਲਟਣਾ ਹੀ ਸੀ, ਇੱਕ ਦੋ ਹੋਰਨਾਂ ਦੀ ਵੀ ਬੋਲੋ ਰਾਮ ਹੋ ਜਾਣੀ ਸੀ ਅਤੇ ਡਰਾਈਵਰ ਮੀਆਂ ਜੋ ਅਪਣੀ ਰਿਟਾਇਰਮੈਂਟ ਦੇ ਬਕਾਏ-ਸ਼ਕਾਏ ਦਾ ਹਿਸਾਬ ਕਿਤਾਬ ਲਾਉਂਦਾ ਹੋਵੇਗਾ। ਉਸ ਨਾਲ ਪਤਾ ਨਹੀਂ ਕੀ ਬੀਤੀ ਹੋਵੇਗੀ? ਸ਼ਾਇਦ ਸੇਵਾਮੁਕਤੀ ਤੇ ਮਿਲਣ ਵਾਲੇ ਲਾਭ, ਰੇਲਵੇ ਟਰੈਕ ਦੇ ਹੋਏ ਨੁਕਸਾਨ ਦੀ ਪੂਰਤੀ ਵਿੱਚ ਹੀ ਲੱਗ ਜਾਵੇ ਅਤੇ ਬਾਈ ਜੀ ਨੂੰ ਖਾਲੀ ਹੱਥੋਂ ਹੀ ਘਰ ਜਾਣਾ ਪਵੇ।

ਸੁੱਧ ਵੈਸ਼ਨੂੰ ਢਾਬਾ/75