ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕੂਟਰ ਦਾ ਨੰਬਰ ਕਦੀ ਇਸ ਅੰਦਾਜ ਵਿੱਚ ਪੁੱਛਿਆ ਜਾਵੇਗਾ। ਸੋ ਨੰਬਰ ਦੱਸਣ ਲਈ ਨੰਬਰ ਪਲੇਟ ਦਾ ਸਹਾਰਾ ਲੈਣਾ ਪਿਆ। "ਠੀਕ ਹੈ, ਆਵਦਾ ਸਕੂਟਰ ਹੋਵੇ ਤੇ ਨੰਬਰ ਦਾ ਪਤਾ ਨਾ ਹੋਵੇ, ਚੋਰੀ ਦਾ ਸਕੂਟਰ ਲਈ ਫਿਰਦੈ। ਕੋਈ ਨੀਂ ਆਉਦੈ ਸਾਹਬ, ਫੇਰ ਲੈਨੇ ਆ ਤੇਰੇ ਝੱਗੇ ਦਾ ਮੈਂਚ। ਐਧਰ ਸੈਡ ’ਤੇ ਲਾ ਦੇ ਸਕੂਟਰ ਤੇ ਖੜ ਜਾ ਸੜਕ 'ਤੇ।" ਕਾਂਸਟੇਬਲ ਨੇ ਹੁਕਮ ਚਾੜ ਦਿੱਤਾ। ਮੈਂ ਹੱਕਾ ਬੱਕਾ ਅਤੇ ਹੈਰਾਨ ਰਹਿ ਗਿਆ।ਵਾਹ ਉਏ ਕਰਮਾਂ ਦਿਆ ਬਲੀਆ, ਰਿਨ੍ਹੀ ਖੀਰ ਤੇ ਬਣ ਗਿਆ ਦਲੀਆ। ਮੈਨੂੰ ਕੁੱਝ ਸਮੇਂ ਲਈ ਇੰਝ ਜਾਪਣ ਲੱਗਾ ਜਿਵੇਂ ਮੈਂ ਚੰਬਲ ਘਾਟੀ ਦਾ ਖੂੰਖਾਰ ਡਕੈਤ ਹੋਵਾਂ। ਅਸੀਂ ਜੀ ਸੜਕ 'ਤੇ ਖੜ੍ਹ ਕੇ ਆਪਣੀ ਹੋਣੀ ਦਾ ਇੰਤਜਾਰ ਕਰਨ ਲੱਗੇ।

ਏਨੇ ਨੂੰ ਬਾਕੀ ਵਾਹਨਾਂ ਦੇ ਕਾਗਜ਼ ਪੱਤਰ ਚੈੱਕ ਕਰਦਾ ਉਹਦਾ ਸਾਹਬ ਵੀ ਆ ਗਿਆ ਮੇਰੇ ਸਕੂਟਰ ਕੋਲੇ। "ਆ ਜੋ ਜੀ ਆਹ ਖੜਾ ਏ ਬੰਦਾ, ਏਹਨੂੰ ਜੀ ਆਵਦੇ ਸਕੂਟਰ ਦਾ ਨੰਬਰ ਨੀਂ ਪਤਾ। ਅਜੇ ਕਹਿਦੈ ਸਕੂਟਰ ਮੇਰਾ ਈ ਏ। ਨਾਲੇ ਜੀ ਏਹਦੇ ਸਕੂਟਰ ਦਾ ਰੰਗ ਵੀ ਉਹੋ ਹੀ ਹੈ ਜੋ ਰਿਪੋਰਟ ਵਿੱਚ ਲਿਖਿਆ ਹੈ।" ਕਾਂਸਟੇਬਲ, ਜੋ ਅਸਲ ਵਿੱਚ ਹੋਮਗਾਰਡ ਦਾ ਜਵਾਨ ਸੀ ਨੇ ਆਪਣੇ ਨੰਬਰ ਬਣਾਉਂਦੇ ਹੋਏ ਆਪਣੇ ਸਾਹਬ ਪਾਸ ਰਿਪੋਰਟ ਕੀਤੀ। ਮਾਨੋ ਉਹ ਕਹਿ ਰਿਹਾ ਸੀ ਕਿ ਮੈਂ ਹੀ ਅੱਜ ਚੰਦਨ ਦੀ ਲੱਕੜੀ ਦੇ ਖੁੰਖਾਰ ਤਸਕਰ ਵੀਰੱਪਣ ਦੀ ਨਿਸ਼ਾਨਦੇਹੀ ਕਰ ਲਈ ਹੈ। ਹੱਛਾ! ਸਾਹਬ ਨੇ ਵੀ ਬੜੇ ਰੋਹਬਦਾਰ ਆਵਾਜ਼ ਵਿੱਚ ਆਖਿਆ, "ਰੰਗ ਤਾਂ ਬਈ ਸਕੂਟਰ ਦਾ ਉਹੋ ਜਿਹਾ ਈ ਲੱਗਦੈ। ਲਿਆ ਦਿਖਾ ਖਾਂ ਵੀ ਜਵਾਨਾ ਕਾਗਜ਼ ਪੱਤਰ ਏਹਦੇ।" "ਉਂ ਬੰਦਾ ਤਾਂ ਨੀਂ ਐਹੋ ਜਿਹਾ ਲੱਗਦਾ।" ਹੌਲਦਾਰ ਨੇ ਰਲਵਾਂ ਮਿਲਵਾਂ ਜਿਹਾ ਪ੍ਰਤੀਕਮ ਜਤਾਉਂਦੇ ਮੈਨੂੰ ਸੰਬੋਧਨ ਕੀਤਾ। ਉਹਦੇ ਸੰਬੋਧਨੀ ਲਹਿਜੇ ਤੋਂ ਮੈਨੂੰ ਬੰਦਾ ਉਹ ਭਲਾ ਮਾਣਸ ਜਿਹਾ ਹੀ ਜਾਪਿਆ ਜਿਸ ਨਾਲ ਮੈਨੂੰ ਕੁਝ ਰਾਹਤ ਜਿਹੀ ਵੀ ਮਹਿਸੂਸ ਹੋਈ, ਕੋਈ ਗੱਲ ਨਹੀਂ ਜੀ, ਕਰਲੋ ਕਾਗਜ ਚੈੱਕ। ਕਹਿੰਦੇ ਮੈਂ ਡਿੱਗੀ ਖੋਲ੍ਹ ਕੇ ਉਸ ਵਿੱਚੋਂ ਕਾਗਜ਼ਾਂ ਪੁੱਤਰਾਂ ਵਾਲੀ ਜਾਪਾਨੀ ਲੈਦਰ ਦੀ ਕਿੱਟ ਲੱਭਣ ਲੱਗ ਪਿਆ। ਡਿੱਗੀ ਵਿਚਲੇ ਕੂੜ ਕਬਾੜੇ ਵਿੱਚੋਂ ਕਾਗਜਾਂ ਪੱਤਰਾਂ ਵਾਲੀ ਕਿੱਟ ਲੱਭਣੀ ਕਿਹੜਾ ਸੌਖੀ ਸੀ। ਦੋ ਤਿੰਨ ਰੈਂਚ ਪਾਨੇ, ਚਾਬੀਆਂ ਇੱਕ ਟੋਚਨ ਪਾਉਣ ਵਾਲਾ ਰੱਸਾ, ਇੱਕ ਗਲਾਸੀ, ਦੋ ਤਿੰਨ ਦਾਰੂ ਵਾਲੇ ਖਾਲੀ ਅਧੀਏ ਪਊਏ। ਸ਼ੁਕਰ ਹੈ ਅੱਜ ਘਰਦੀ ਦਾਰੂ ਵਾਲਾ ਕੋਈ ਅੱਧੀਆ ਪਊਆ ਹੈ ਨੀ ਸੀ, ਨਹੀਂ ਤਾਂ ਲੈਣ ਦੇ ਹੋਰ ਵੀ ਦੇਣੇ ਪੈ ਜਾਣੇ ਸੀ। ਮੈਂ ਸਾਮਾਨ ਜੇ ਨੂੰ ਕਿਤੇ ਐਧਰ ਕਰਾਂ, ਕਿਤੇ ਔਧਰ ਕਰਾਂ। ਇੱਕ ਮੈਂ ਇਹ ਵੀ ਸੋਚ ਰਿਹਾ ਸੀ ਕਿ ਜੇ ਕਾਗਜ਼ ਪੱਤਰਾਂ ਵਾਲੀ ਕਿੱਟ ਲੱਭ ਵੀ ਪਈ ਤਾਂ ਮੈਂ ਇਹਨੂੰ ਦਿਖਾਉ ਕੀ? ਕਿਉਂਕਿ ਕਾਗਜ਼ਾਂ ਪੁੱਤਰਾਂ ਵਾਲੀ ਕਿੱਟ 'ਤੇ ਤਾਂ ਇੱਕ ਵਾਰ ਮੁਗਲੈਲ (ਮੋਬਿਲ ਆਇਲ) ਦੀ ਭਰੀ ਭਰਾਈ ਸ਼ੀਸ਼ੀ ਭੁੱਲ ਗਈ ਸੀ ਤੇ ਉਨ੍ਹਾਂ ਵਿੱਚੋਂ ਪੜਿਆ

ਸੁੱਧ ਵੈਸ਼ਨੂੰ ਢਾਬਾ/69