ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੌਰ 'ਤੇ ਮਾੜੀ ਮੋਟੀ ਰਾਜਸੀ ਅਸਿਥਰਤਾ ਪੈਦਾ ਹੋ ਜਾਂਦੀ ਹੈ ਤਾਂ ਤੀਜੇ ਮੋਰਚੇ ਵਾਲੇ ਆਪਣੀਆਂ ਮੁੱਠੀਆਂ ਵਿੱਚ ਥੁਕਣਾ ਸ਼ੁਰੂ ਕਰ ਦਿੰਦੇ ਹਨ। ਸਭ ਤੋਂ ਪਹਿਲਾਂ ਕਾਮਰੇਡ ਸੁਰਜੀਤ ਦੀ ਬੇਹੀ ਕੜੀ ਵਿੱਚ ਉਬਾਲ ਉਠਣਾ ਸ਼ੁਰੂ ਹੁੰਦਾ ਹੈ (ਵਿਚਾਰੇ ਦਾ ਰੱਬ ਸੁਰਗਾਂ ਵਿੱਚ ਵਾਧਾ ਕਰੇ ਉਂਝ ਸੁਰਗ ਵਿੱਚ ਵੀ ਜਾਕੇ ਸ਼ਾਇਦ ਉਸ ਨੇ ਤੀਜੇ ਮੋਰਚੇ ਦਾ ਕੰਮ ਅਰੰਭ ਕਰ ਦਿੱਤਾ ਹੋਵੇਗਾ। ਚਲੋ ਮਾਤ ਲੋਕ ਵਿੱਚ ਨਹੀਂ ਸੁਰਗ-ਲੋਕ ਵਿੱਚ ਹੀ ਸਹੀ) ਉਨ੍ਹਾਂ ਦੀਆਂ ਤਰਕੀਬਾਂ ਅਤੇ ਸ਼ਰਤਾਂ ਵੀ ਕੁੱਝ ਵੱਖਰੀਆਂ ਹੀ ਹੁੰਦੀਆਂ ਨੇ। ਕਿਤੇ ਅਸੀਂ ਸਰਕਾਰ ਨੂੰ ਬਾਹਰੋਂ ਸਮਰਥਨ ਦੇਵਾਂਗੇ। ਸਰਕਾਰ ਵਿੱਚ ਰਹਿੰਦੇ ਹੋਏ ਵੀ ਕੋਈ ਮਨਿਸਟਰੀ ਨਹੀਂ ਲਵਾਂਗੇ ਕਿਉਂਕਿ ਭੁੱਖ-ਦੋਖੇ ਨਾਲ ਸਾਡਾ ਜ਼ਮਾਦਰੂ ਵਾਹ ਜੋ ਹੋਇਆ। ਕਿਤੇ ਅਸੀਂ ਸਰਕਾਰ ਵਿੱਚ ਰਹਿੰਦੇ ਹੋਏ ਵੀ ਵਿਰੋਧੀ ਬੈਚਾਂ ’ਤੇ ਬੈਠਾਂਗੇ। ਫਿਰ ਵਾਰੀ ਆਉਂਦੀ ਹੈ ਜਨਾਬ ਜਯੋਤੀ ਬਾਸੂ ਦੀ (ਰੱਬ ਉਨ੍ਹਾਂ ਨੂੰ ਵੀ ਸੁਰਗ ਵਿੱਚ ਕਾਮਰੇਡ ਸੁਰਜੀਤ ਦੇ ਪਦ ਚਿੰਨ੍ਹਾਂ ਤੇ ਚੱਲਣ ਦੀ ਤੌਫੀਕ ਬਖਸ਼ੇ ਸੌਰੀ ਇਹ ਗੱਲ ਤਾਂ ਮੈਂ ਬਹੁਤ ਹੀ ਅਣਹੋਣੀ ਕਹਿ ਬੈਠਾ ਹਾਂ ਜੇ ਅਜਿਹਾ ਹੋਣਾ ਸੰਭਵ ਹੁੰਦਾ ਤਾਂ ਇਹ ਕਾਮਰੇਡ ਏਥੇ ਹੀ ਕੁੱਝ ਨਾ ਕੁੱਝ ਨਾ ਲੈ ਡਿੱਗਦੇ। ਦੁਸਰੇ ਦੇ ਪਦ ਚਿੰਨ੍ਹਾਂ 'ਤੇ ਚੱਲਣਾ ਤਾਂ ਸਾਡੀ ਡਿਕਸ਼ਨਰੀ ਦੀ ਮਰਿਆਦਾ ਹੀ ਨਹੀਂ। ਸੂ ਸਾਹਿਬ ਦੀ ਆਪਣੀ ਹਉਮੈ ਕਿਹੜਾ ਕਿਸੇ ਤੋਂ ਘੱਟ ਹੈ। ਅਸੀਂ ਜੀ ਮਨਿਸਟਰੀਆਂ ਦੇ ਭੁੱਖੇ ਨਹੀਂ। ਸਾਡੀ ਤਾਂ ਬਸ ਸੁਪਰੀਮੋ ਦੀ ਪਦਵੀ ਬਹਾਲ ਰਹਿਣੀ ਚਾਹੀਦੀ ਹੈ। ਸਰਕਾਰ ਨੂੰ ਸਮਰਥਨ ਸਾਡਾ ਬਿਨਾਂ ਸ਼ਰਤ ਹੀ ਚੱਲੇਗਾ। ਫੇਰ ਵਾਰੀ ਆਉਂਦੀ ਹੈ ਜੀ ਜੈਲਲਿਤਾ ਅਤੇ ਬੈਨਰਜੀ ਭੈਣਾਂ ਦੀ। ਅਸੀਂ ਤਾਂ ਜੀ ਮਨਿਸਟਰੀ ਵੀ ਕੈਬਨਿਟ ਰੈਂਕ ਦੀ ਲੈਣੀ ਹੈ ਅਤੇ ਸਰਕਾਰ ਨਾਲ ਸਿੰਗ ਵੀ ਕਿਸੇ ਨਾਲ ਕਿਸੇ ਗੱਲੋਂ ਫਸਾਈ ਰੱਖਣੇ ਆ। ਇਹ ਲੋਕ ਤੀਜੇ ਮੋਰਚੇ ਦਾ ਹਊਆ ਦਿਖਾਕੇ ਸਰਕਾਰ ਨੂੰ ਅਨੇਕਾਂ ਪੁੱਠੇ-ਸਿੱਧੇ ਕੰਮ ਕਰਨ ਲਈ ਮਜ਼ਬੂਰ ਕਰੀ ਰੱਖਦੇ ਹਨ।

ਪਹਿਲਾਂ ਵਿਸ਼ਣੂ-ਭਗਵਤ ਦੇ ਹੇਜ ਕਾਰਨ ਮਮਤਾ ਜੀ ਨੇ ਜਾਰਜ ਫਰਨਾਡੀਸ ਨੂੰ ਕਿੰਨਾ ਚਿਰ ਚੱਕਰਾਂ 'ਚ ਪਾਈ ਰੱਖਿਆ ਅਖੀਰ ਨੂੰ ਇਹਨਾਂ ਭੈਣਾਂ ਦੇ ਹੱਥੋਂ ਵਿਚਾਰੇ ਜਾਰਜ ਫਰਨਾਡੀਸ ਨੂੰ ਭਾਰਤ ਦੇ ਰੱਖਿਆ ਮੰਤਰੀ ਦੇ ਅਹੁਦੇ ਤੋਂ ਹੱਥ ਧੋਣੇ ਪਏ। ਐਸਾ ਧੋਬੀ ਪਟਕਾ ਮਾਰਿਆ ਵਿਚਾਰਾ ਦੁਬਾਰਾ ਭਾਰਤ ਦੇ ਸਿਆਸੀ ਮੰਚ ਤੇ ਉਭਰ ਹੀ ਨਹੀਂ ਸਕਿਆ।

ਭਲਾ ਲਾਲੂ ਯਾਦਵ ਜੀ ਕਿਉਂ ਪਿੱਛੇ ਰਹਿਣ।ਉਹਨਾਂ ਨੂੰ ਮਨੁੱਖਤਾ ਦੇ ਭਲੇ ਦੀ ਹਮੇਸ਼ਾਂ ਚੇਟਕ ਲੱਗੀ ਰਹਿੰਦੀ ਆ। ਇਸ ਲਈ ਉਨ੍ਹਾਂ ਨੇ ਅਜਿਹਾ ਕੋਈ ਕਾਰਜ ਨਹੀਂ ਕੀਤਾ ਜਿਸ ਨਾਲ ਮਨੁਖਤਾ ਭਾਵ ਮਨੁੱਖ ਜਾਤੀ ਦਾ ਕੋਈ ਨੁਕਸਾਨ ਹੁੰਦਾ ਹੋਵੇ। ਮਨੁੱਖ ਵੱਲੋਂ ਵਰਤੀ ਜਾਣ ਵਾਲੀ ਕਿਸੇ ਸਮੱਗਰੀ, ਭਾਵ, ਆਟਾ, ਦਾਲ, ਲੂਣ, ਮਿਰਚ, ਮਸਾਲਾ ਤੇ ਹਲਦੀ ਆਦਿ ਵਿੱਚ ਕਿਸ ਪ੍ਰਕਾਰ ਦੀ ਕੋਈ ਮਿਲਾਵਟ ਆਦਿ ਨਹੀਂ ਕੀਤੀ ਜਿਸ ਨਾਲ ਮਨੁੱਖ ਮਾਤਰ ਦਾ

ਸੁੱਧ ਵੈਸ਼ਨੂੰ ਢਾਬਾ/52