ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਦੇ ਸਨ। ਉਸ ਸਮੇਂ ਐਰੇ ਗ਼ੈਰੇ ਮਨੁੱਖ ਦੀ ਮੈਨੂੰ ਹੱਥ ਲਾਉਣ ਦੀ ਹਿੰਮਤ ਨਹੀਂ ਸੀ ਪੈਂਦੀ।

ਜਦੋਂ ਇੱਕ ਸਾਹਿਤਕਾਰ ਮੈਨੂੰ ਗਲ ਨਾਲ ਲਟਕਾ ਕੇ ਸਟੇਜ ’ਤੇ ਆਪਣਾ ਕਲਾਮ ਪੇਸ਼ ਕਰਨ ਲਈ ਚੜ੍ਹਦਾ ਹੈ ਮੇਰੀ ਕਿੰਨੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਜੇਕਰ ਉਸ ਸਮੇਂ ਮੇਰੇ ਵਿੱਚੋਂ ਉਸਦੀ ਐਨਕ ਜਾਂ ਰਚਨਾ ਨਾ ਮਿਲੇ ਤਾਂ ਉਸਦਾ ਤਾਂ ਸਮਝ ਲੋ ਹੋ ਗਿਆ ਕੁੰਡਾ। ਮੈਂ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਇਹ ਵੱਖਰੀ ਗੱਲ ਹੈ ਕਿ ਇਹ ਵੱਖਰੀ ਪ੍ਰਤਿਭਾ ਦੇ ਮਾਲਕ ਮੇਰੇ ਵਿੱਚ ਖੁਦ ਹੀ ਆਪਣੀ ਰਚਨਾ ਕਿਤੇ ਥਾਂ ਕੁ ਥਾਂ ਰੱਖ ਕੇ ਭੁੱਲ ਜਾਣ। ਫੇਰ ਲੋੜ ਵੇਲੇ ਐਧਰ-ਓਧਰ ਹੱਥ ਪੱਲਾ ਮਾਰਦੇ ਫਿਰਨਗੇ। ਨਾਲੇ ਮੇਰਾ ਬੁਰਾ ਹਾਲ ਕਰ ਦਿੰਦੇ ਆ ਨਾਲੇ ਆਪ ਨਿੱਠ ਹੁੰਦੇ ਫਿਰਨਗੇ। ਇਹਦੇ ਵਿੱਚ ਬਾਈ ਮੇਰਾ ਕੀ ਕਸੂਰ ਹੋਇਆ। ਹਾਂ ਇੰਨ੍ਹਾਂ ਦੀ ਇੱਕ ਗੱਲ ’ਤੇ ਮੈਨੂੰ ਜ਼ਰੂਰ ਹਾਸਾ ਆਉਦਾ ਹੈ। ਪਿਛਲੇ 20-25 ਸਾਲ ਤੋਂ ਮੇਰੇ ਵਿੱਚ ਇਨ੍ਹਾਂ ਦੀ ਉਹੀ ਪੁਰਾਣੀ ਘਸੀ ਪਿਟੀ ਡਾਇਰੀ ਪਈ ਹੈ ਅਤੇ ਇਹ ਹਰ ਵਾਰੀ ਉਸੇ ਡਾਇਰੀ ਵਿੱਚੋਂ ਆਪਣਾ ਹਰ ਵਾਰੀ ਨਵਾਂ ਕਲਾਮ ਪਤਾ ਨਹੀਂ ਕਿੱਥੋਂ ਪੇਸ਼ ਕਰ ਦਿੰਦੇ ਆ।

ਸੋ ਮੈਂ ਤਾਂ ਬਾਈ ਜੀ ਥੈਲਾ ਹਾਂ। ਆਪਣੇ ਮਾਲਕ ਦਾ ਸੇਵਕ। ਮੇਰੀ ਤਾਂ ਇਹ ਜਿੰਮੇਵਾਰੀ ਬਣਦੀ ਹੈ ਕਿ ਮੇਰੇ ਸਪੁਰਦ ਕੀਤੀ ਗਈ ਚੀਜ਼ ਮਾਲਕ ਨੂੰ ਸਮੇਂ ਸਿਰ ਮੁਹੱਈਆ ਕਰਵਾਉਣੀ। ਉਹ ਵਸਤੁ ਭਾਵੇਂ ਨਕਸਲੀਆਂ ਦਾ ਗੋਲੀ ਸਿੱਕਾ, ਬਰੂਦ, ਪਿਸਤੌਲ, ਬੰਬ, ਪਟਾਕਾ, ਜਾਂ ਮਿੱਸ ਪਾਟਾਕੇ ਹੀ ਹੋਵੇ। ਚਾਹੇ ਕਿਸੇ ਮਨਚਲੇ ਸ਼ਰਾਬੀ ਦਾ ਬਚਿਆ ਖੁਚਿਆ ਅਧੀਆ ਪਊਆ ਹੋਵੇ। ਚਾਹੇ ਕਿਸੇ ਸਾਹਿਤਕਾਰ ਦਾ ਨਵਾਂ ਕਲਾਮ ਹੋਵੇ। ਚਾਹੇ ਕੋਈ ਆਮ ਜਾਂ ਖ਼ਾਸ ਸਰਕਾਰੀ ਜਾਂ ਗੈਰ ਸਰਕਾਰੀ ਜ਼ਰੂਰੀ ਦਸਤਾਵੇਜ ਹੀ ਹੋਵੇ। ਚਾਹੇ ਉਸ ਵਿੱਚ ਕੋਈ ਪ੍ਰੇਮ ਪੱਤਰ ਜਾਣੀ ਲਵ ਲੈਟਰ ਹੀ ਕਿਉਂ ਨਾ ਹੋਵੇ। ਹਾਂ ਜੇਕਰ ਅਜਿਹਾ ਕੋਈ ਲਵ ਲੈਟਰ ਜਾਂ ਪ੍ਰੇਮ ਪੱਤਰ ਕਿਸੇ ‘ਮਜਨੂੰ ਮੀਆਂ’ ਦੇ ਛਿੱਤਰ ਪਤਾਣ ਦਾ ਕਾਰਨ ਬਣ ਜਾਵੇ ਤਾਂ ਇਸ ਵਿੱਚ ਅਸੀਂ ਬਾਈ ਜੀ ਕੀ ਕਰ ਸਕਦੇ ਆਂ।

ਸੁੱਧ ਵੈਸ਼ਨੂੰ ਢਾਬਾ/38