ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਉਂਦੇ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਅਤੇ ਬਰਾਤੀਆਂ ਵਾਲਾ ਜਾਣੀ ਪੱਗ ਸ਼ੈੱਗ ਦਾ ਸ਼ੁਗਲ ਮੁਗਲ ਵੀ ਕੀਤਾ ਜਾਂਦਾ ਅਤੇ ਫੇਰ ਅਗਲੇ ਪੜਾਅ ਵੱਲ ਕੂਚ ਕੀਤਾ ਜਾਂਦਾ। ਕੋਈ ਕਿਸੇ ਪ੍ਰਕਾਰ ਦਾ ਰੇਲਵੇ ਟਾਈਮ ਟੇਬਲ, ਸਿਗਨਲ ਅੱਪ ਜਾਂ ਡਾਉਨ, ਕਾਂਟੇ ਆਦਿ ਬਦਲਣ ਦੇ ਝੰਜਟ ਅਤੇ ਰਸਤੇ ਵਿੱਚ ਆਉਣ ਵਾਲੇ ਸਾਰੇ ਫਾਟਕ ਅਤੇ ਮਨੁੱਖ ਰਹਿਤ ਗੇਟ ਫਾਟਕਾਂ ਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਿਰੋਲ ਰੇਲ ਵਿਭਾਗ ਦੀ ਸੀ। ਕਿਸੇ ਪ੍ਰਕਾਰ ਦੀ ਕੋਈ ਸਮੇਂ ਆਦਿ ਦੀ ਪਾਬੰਦੀ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੋ ਸਕਦਾ ਸੀ। ਆਉਣ ਸਮੇਂ ਵੀ ਅਤੇ ਜਾਣ ਸਮੇਂ ਵੀ ਇਹੋ ਪ੍ਰੋਗਰਾਮ ਬੇਰੋਕ-ਟੋਕ ਚਲਦਾ ਰਿਹਾ। ਬਾਕੀ ਦੀਆਂ ਰੇਲ ਗੱਡੀਆਂ ਜਿਥੋਂ ਦੀ ਮਰਜੀ ਲੰਘਣ, ਲੰਘਣ ਜਾਂ ਨਾ ਲੰਘਣ ਇਹ ਰੇਲ ਵਿਭਾਗ ਦੀ ਨਿਰੋਲ ਆਪਣੀ ਜੁਮੇਵਾਰੀ ਸੀ।"

"ਇੱਥੇ ਇਹ ਗੱਲ ਵੀ ਵਰਨਣ ਯੋਗ ਬਣਦੀ ਹੈ ਕਿ ਇਤਿਹਾਸ ਵਿੱਚ ਅਜਿਹੀ ਬਾਰਾਤ ਆਪਣੇ ਆਪ ਵਿੱਚ ਪਹਿਲੀ ਤਾਂ ਹੈ ਹੀ ਅਤੇ ਦਾਅਵੇ ਨਾਲ ਇਹ ਵੀ ਆਖਿਆ ਜਾ ਸਕਦਾ ਹੈ ਕਿ ਆਖਰੀ ਵੀ ਇਹੋ ਹੀ ਹੋਵੇਗੀ। ਕਿਉਂਕਿ ਨਾ ਤਾਂ ਰਾਜ ਨਾਰਾਇਣ ਵਰਗੀਆਂ ਸ਼ਖਸੀਅਤਾਂ ਦੁਬਾਰਾ ਜਨਮ ਲੈਣ (ਭਾਵੇਂ ਯੂ.ਪੀ. ਵਾਲੇ ਯੋਗੀ ਜੀ ਦੀਆਂ ਆਦਤਾਂ ਉਹਨਾਂ ਨਾਲ ਰਲਦੀਆਂ ਮਿਲਦੀਆਂ ਜ਼ਰੂਰ ਹਨ) ਅਤੇ ਨਾ ਹੀ ਅਜਿਹਾ ਮੌਕਾ ਮੇਲ ਦੁਬਾਰਾ ਪੈਦਾ ਹੋ ਸਕਦਾ ਹੈ। "ਇਹਨਾਂ ਲੋਕਾਂ ਕੋਈ ਪੁੱਛਣ ਵਾਲਾ ਹੋਵੇ ਬਈ ਉਦੋਂ ਕਿੱਥੇ ਗਈ ਸੀ ਥੋਡੀ ਨੈਤਿਕਤਾ ਅਤੇ ਸਾਡੇ ਵਾਰੀ ਨੈਤਿਕਤਾ, ਨੈਤਿਕਤਾ ਦੀ ਰਟ ਲਈ ਐ।"

"ਸੋ ਆਪਣੇ ਦੂਰਦਰਸ਼ਨ ਵਾਲਿਆਂ ਨੂੰ ਬਾਈ ਜੀ ਸਮਝਾਂਦੀ ਚੰਗੀ ਤਰ੍ਹਾਂ ਗਾਂਹ ਨੂੰ ਕਿਤੇ ਕਈ ਫੇਰ ਐਹੋ ਜਿਹੀ ਕੁਤਾਹੀ ਨਾ ਕਰ ਬੈਠਣ। ਅੱਵਲ ਤਾਂ ਜੇ ਕਿਤੇ ਉਹ ਜਨਾਨੀਆਂ ਜੀਆਂ ਮੇਰੇ ਡਿੱਕੇ ਆਗੀਆਂ ਤਾਂ ਮੈਂ ਪੱਟੂੰ ਉਹਨਾਂ ਦੇ ਜੁੰਡੇ ਅਤੇ ਦੱਸੂੰਗਾ ਉਨਾਂ ਨੂੰ ਕੀ ਹੁੰਦੀ ਆ ਨੈਤਿਕਤਾ।"

ਸੁੱਧ ਵੈਸ਼ਨੂੰ ਢਾਬਾ/33