ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਦੋਂ ਹੀ ਪਰ ਸਾਨੂੰ ਹੁਣ ਪਤਾ ਨਾ ਲੱਗੇ ਬਈ ਗੱਲ ਅੱਗੇ ਕਿਵੇਂ ਤੋਰੀਏ। "ਨਹੀਂ ਬਾਬਾ ਅਸੀਂ ਥੋਡੇ ਮੁੰਡੇ ਨੂੰ ਮਿਲਣੈ ਜਿਹੜਾ ਰੋਡਿਆਂ ਵਾਲੇ ਕਾਲਜ ਪੜ੍ਹਦੈ।" "ਹੈਂਅ ਉਹਨੂੰ ਮਿਲਣੈ ਪਤੰਦਰੋ ਉਹ ਕਿਧਰੋਂ ਦੁਖੀ ਆ।" ਬੁੜਾ ਤਾਂ ਭੁੜਕ ਉੱਠਿਆ। "ਕਾਹਦਾ ਦੁੱਖ ਹੈ ਬਈ ਉਹਨੂੰ ਸਾਨੂੰ ਤਾਂ ਕਦੇ ਉਹਨੇ ਦੱਸਿਆ ਨੀਂ ਕੁਸ।" ਇਹ ਕਹਿੰਦੇ ਹੋਏ ਨੇ ਉਸਨੇ ਮੁੰਡੇ ਨੂੰ ਉੱਚੀ ਆਵਾਜ਼ ਵਿੱਚ ਸੱਦਿਆ ਤਾਂ ਸਾਨੂੰ ਉਸ ਮੁੰਡੇ ਦੇ ਅਸਲੀ ਨਾਂ ਦਾ ਪਤਾ ਲੱਗਿਆ।

ਏਨੇ ਨੂੰ ਦੁਖੀ ਸਾਹਬ ਵੀ ਤੁਰੇ ਆਉਣ ਅੰਦਰੋਂ ਸਿਰ ਜਿਆ ਖੁਰਕਦੇ। "ਆਹ ਤੇਰੇ ਯਾਰ ਬੇਲੀ ਆ? ਤੈਨੂੰ ਮਿਲਣ ਆਏ ਆਏ ਆ?" ਬੁੜੇ ਨੇ ਦੁਖੀ ਨੂੰ ਪੁੱਛਿਆ। "ਹਾਂ ਬਾਬਾ" ਦੁਖੀ ਨੇ ਵੀ ਸਹਿਜ ਭਾਅ ਹੀ ਆਖ ਦਿੱਤਾ। "ਤਾਂ ਇਹਦਾ ਮਤਲਬ ਤੂੰ ਹੀ ਹੈਂ ਦੁਖੀ। ਪਤੰਦਰਾ ਤੈਨੂੰ ਕਿਹੜਾ ਦੁੱਖ ਹੈ ਉਏ। ਸਾਨੂੰ ਵੀ ਦੱਸ ਕੁਸ਼।" ਇਹ ਕਹਿੰਦੇ ਆ ਸੀ ਦੁਖੀ ਨੂੰ ਮਿਲਣਾ ਹੈ।" "ਨਹੀਂ ਬਾਬਾ ਇਹ ਤਾਂ ਐਵੇਂ ਮੈਨੂੰ ਦੁੱਖੀ-ਦੁੱਖੀ ਕਹਿਣ ਲੱਗ ਪੇ।" ਦੁਖੀ ਸਾਹਬ ਐਂਵੇ ਲੱਸੀ ਜੀ ਕਰੀ ਜਾਵੇ ਵਿਚਾਰਾ।

"ਨਾ ਸਾਨੂੰ ਵੀ ਪਤਾ ਲੱਗੇ ਤੂੰ ਕਿਹੜੇ ਪਾਸਿਓਂ ਦੁਖੀ ਐਂ। ਚੰਗਾ ਖਾਨੈ, ਮੰਦਾ ਬੋਲਦੈ ਚੜ੍ਹਦੇ ਤੋਂ ਚੜ੍ਹਦਾ ਲੀੜਾ ਪਾਉਣੈ। ਕੰਮ ਦਾ ਤੂੰ ਡੱਕਾ ਨੀ ਦੂਹਰਾ ਕੀਤਾ ਕਦੇ। ਜੇ ਤੂੰ ਵੀ ਦੁਖੀ ਐਂ ਤਾਂ ਦੁਨੀਆਂ 'ਤੇ ਹੋਰ ਕੋਈ ਬੰਦਾ ਸੁਖੀ ਨਹੀਂ ਹੋ ਸਕਦਾ। ਜੇ ਅਜੇ ਵੀ ਦੁਖੀ ਐਂ ਤਾਂ ਰਹਿਣ ਦੇ ਐਹੋ ਜਿਹੀ ਪੜ੍ਹਾਈ ਨੂੰ ਘਰੇ ਬਹਿਜਾ ਰਾਵ ਨਾਲ।"

ਏਨੇ ਨੂੰ ਬੁੜੀਆਂ ਅੰਦਰੋਂ ਨਿਕਲ ਆਈਆਂ। ਉਹ ਸਾਨੂੰ ਸੰਬੋਧਨ ਹੁੰਦੀਆਂ ਬੋਲੀਆਂ, "ਆ ਜੋ ਬਿੱਲੂ ਤੁਸੀਂ ਅੰਦਰ ਆ ਜੋ ਬੈਠਕ ਵਿੱਚ।" ਇਹ ਤਾਂ ਐਂਵੇਂ ਬੋਲੀ ਜਾਂਦੈ। "ਆ ਜੋ ਅੰਦਰ ਆਜੋ ਚਾਹ ਪਾਣੀ ਪੀਓ। ਏਹਨੂੰ ਕੀ ਪਤੈ ਮੁੰਡਿਆਂ ਮੁੰਡਿਆਂ ਦੀਆਂ ਗੱਲਾਂ ਦਾ। ਐਵੇਂ ਬੁੜਕੀ ਜਾਂਦੈ। ਮਸਾਂ ਜੁਆਕ ਨੂੰ ਮਿਲਣ ਗਿਲਣ ਆਏ ਛੁਟੀਆਂ 'ਚ ਉਹਦੇ ਮਿੱਤਰ ਬੇਲੀ। ਆ ਜੋ ਮਾਂ ਸਦਕੇ।"

ਨਾ ਤਾਂ ਦੁਖੀ ਵਿਚਾਰਾ ਕੁਝ ਬੋਲਣ ਜੋਗਾ। ਨਾ ਸਾਨੂੰ ਕੁਝ ਸੁਝੇ। ਅਸੀਂ ਚਾਹ ਪਾਣੀ ਪੀਤਾ ਜਿਹੜਾ ਥੋੜਾ ਬਹੁਤਾ ਪੀਣਾ ਸੀ ਅਤੇ ਫਟਾਫਟ ਨਿਕਲਣ ਦੀ ਕੀਤੀ। ਚੰਗਾ ਬਾਬਾ ਸਾਸਰੀਕਾਲ ਆਉਣ ਲੱਗਿਆ ਅਸੀਂ ਫੇਰ ਸਾਸਰੀਕਾਲ ਬੁਲਾਈ। ਸਾਸਰੀਕਾਲ ਬੁੜੇ ਨੇ ਵੀ ਬੇਰੁਖੀ ਜੀ ਨਾਲ ਸਾਡੀ ਸੀਤਅਕਾਲ ਦਾ ਜਵਾਬ ਦਿੱਤਾ। ਦਰਅਸਲ ਬੁੜਾ ਅਜੇ ਵੀ ਵਿਹੁ ਜੀ ਘੋਲ ਰਿਹਾ ਸੀ।

ਅੰਦਰ ਬੈਠੇ ਤਾਂ ਅਸੀਂ ਕੋਈ ਗੱਲਬਾਤ ਨਾ ਕਰ ਸਕੇ। ਨਾ ਹੀ ਵਿਚਾਰੇ ਦੁਖੀ ਨਾਲ ਕੋਈ ਦੁਖ ਸੁਖ ਸਾਂਝਾ ਕਰ ਸਕੇ। ਪ੍ਰੰਤੁ ਰਾਹ ਵਿੱਚ ਆਉਂਦਿਆਂ ਜਿਹੜਾ ਹੱਸ ਹੱਸ ਸਾਡਾ ਬੁਰਾ ਹਾਲ ਹੋਇਆ। ਉਹ ਸ਼ਬਦਾਂ ਵਿੱਚ

ਸੁੱਧ ਵੈਸ਼ਨੂੰ ਢਾਬਾ/27