ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਢਾਬੇ 'ਤੇ ਅਫੀਮ ਅਤੇ ਭੁੱਕੀ ਆਦਿ ਦੀ ਸੁਵਿਧਾ ਹਾਸਲ ਹੈ। ਐਮਰਜੈਂਸੀ ਵਿੱਚ ਚੰਡੀਗੜ ਦੀ ਰੇਹੜੀ ਮਾਰਕੀਟ ਵਿੱਚ ਥ੍ਰੀ-ਇਨ-ਵਨ ਦੇ ਅਧਾਰ 'ਤੇ ਵੀ ਸਾਰਿਆ ਜਾ ਸਕਦਾ ਹੈ।

ਸਾਡੀ ਜਾਣ ਪਛਾਣ ਦਾ ਘੇਰਾ ਐਨਾ ਵਿਸ਼ਾਲ ਹੋ ਗਿਆ ਹੈ ਕਿ ਮੋਗੇ ਤੋਂ ਲੈ ਕੇ ਚੰਡੀਗੜ੍ਹ ਤੱਕ ਜਿੰਨੇ ਵੀ ਢਾਬੇ ਆਉਂਦੇ ਹਨ, ਢਾਬੇ ਵਾਲਿਆਂ ਨੇ ਤਾਂ ਸਾਨੂੰ ਜਾਨਣਾ ਹੀ ਹੋਇਆ, ਬਲਕਿ ਉਹਨਾਂ ਢਾਬਿਆਂ 'ਤੇ ਰਹਿਣ ਵਾਲੇ ਕੁੱਤੇ ਵੀ ਸਾਨੂੰ ਪਛਾਣਦੇ ਹਨ ਅਤੇ ਦੂਰੋਂ ਹੀ ਦੇਖ ਕੇ, ਪੂਛਾਂ ਹਿਲਾ ਹਿਲਾ ਕੇ ਸਾਡਾ ਸੁਆਗਤ ਕਰਨ ਲੱਗ ਜਾਂਦੇ ਹਨ। ਉਹਨਾਂ ਨਾਲ ਸਾਡੀ ਨੇੜਤਾ ਦਾ ਇੱਕ ਇਹ ਵੀ ਕਾਰਨ ਹੈ ਕਿ ਉਹ ਜਾਣਦੇ ਹਨ ਕਿ ਉਮਰ ਮੁਤਾਬਿਕ ਸਾਹਿਬ ਹੋਰਾਂ ਦੇ ਦੰਦ ਹੁਣ ਕਮਜ਼ੋਰ ਹੋਏ ਹੋਏ ਹਨ ਅਤੇ ਸਾਡੇ ਦੁਆਰਾ ਖਾਧੇ ਗਏ ਲੌਂਗ ਪੀਸਾਂ 'ਤੇ ਕਾਫੀ ਮਾਲ ਲੱਗਾ ਰਹਿ ਜਾਂਦਾ ਹੈ, ਜੋ ਇਹਨਾਂ ਦਰਵੇਸ਼ਾਂ ਦੇ ਕੰਮ ਹੀ ਆਉਂਦਾ ਹੈ। ਉਂਝ ਵੀ ਮੁਫ਼ਤ ਦਾ ਮਾਲ ਹੋਣ ਕਰਕੇ ਅਸੀਂ ਵੀ ਤਰਦਾ ਤਰਦਾ ਮਾਲ ਛਕ ਕੇ ਬਾਕੀ ਉਹਨਾਂ ਦਰਵੇਸ਼ਾਂ ਦੀ ਨਜ਼ਰ ਨਿਆਜ ਖੁੱਲ੍ਹੇ ਦਿਲ ਨਾਲ ਕਰ ਦਿੰਦੇ ਹਾਂ, ਇਸ ਲਈ ਉਹ ਵੀ ਸਾਡੇ ਪੱਕੇ ਆੜੀ ਬਣ ਚੁੱਕੇ ਹਨ।

ਪ੍ਰੰਤੂ ਇਸ ਜਾਣਕਾਰੀ ਨੂੰ ਅਸੀਂ ਆਪਣੇ ਤੱਕ ਹੀ ਸੀਮਤ ਨਹੀਂ ਰੱਖਿਆ ਲੋਕ ਸੇਵਾ ਸਾਡਾ ਖ਼ਾਸ ਮਿਸ਼ਨ ਹੈ ਅਤੇ ਸਾਡੇ ਮਿਸ਼ਨਰੀ ਭਾਵ ਨੇ ਜਾਣਕਾਰੀ ਦਾ ਇਹ ਅਮੋਲ ਖਜ਼ਾਨਾ ਲੋਕ ਸੇਵਾ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ। ਅਤੇ ਸਾਡੀ ਲੋਕ ਸੇਵਾ ਦਾ ਇਹ ਚਲਦਾ-ਫਿਰਦਾ ਦਫ਼ਤਰ ਚੌਵੀ ਘੰਟੇ ਖੁੱਲਾ ਰਹਿੰਦਾ ਹੈ। ਕੰਮ ਕਿਸੇ ਵੀ ਪ੍ਰਕਾਰ ਦਾ ਹੋਵੇ, ਕਿਸੇ ਵੀ ਦਫ਼ਤਰ ਦਾ ਹੋਵੇ, ਬੰਦਾ ਸਾਡੇ ਨਾਲ ਤੁਰੇ, ਵਾਹ ਲੱਗਦੀ ਅਸੀਂ ਕੰਮ ਕਰਵਾ ਕੇ ਹੀ ਮੁੜਦੇ ਹਾਂ। ਇਹ ਵੱਖਰੀ ਗੱਲ ਹੈ ਕਿ ਇੱਕ ਦੋ ਦਿਨ ਦੀ ਬਿਜਾਏ, ਦੋ ਚਾਰ ਵੱਧ ਵੀ ਲੱਗ ਸਕਦੇ ਹਨ। ਇੱਕ ਜਾਣ ਦਾ ਤੇ ਇੱਕ ਆਉਣ ਦਾ, ਦੋ ਦਿਨ ਤਾਂ ਸਫ਼ਰ ਦੇ ਹੀ ਲਾ ਲਓ। ਇੱਕ ਅੱਧਾ ਦਿਨ ਉਥੇ ਰੈਸਟ ਵੀ ਕਰਨੀ ਹੋਈ, ਆਖਰ ਬੰਦਾ ਮਸ਼ੀਨ ਤਾਂ ਹੈ ਨਹੀਂ। ਹੱਡ ਮਾਸ ਦਾ ਸਰੀਰ ਅਕਸਰ ਥਕਾਵਟ ਮੰਨ ਜਾਂਦਾ ਹੈ। ਇਹ ਥਕਾਵਟ ਜਿਸਮਾਨੀ ਵੀ ਅਤੇ ਜਿਹਨੀ ਵੀ ਹੋ ਸਕਦੀ ਹੈ। ਕੁੱਲ ਮਿਲਾ ਕੇ ਜੀ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਕੰਮ ਹੋਣ ਦੀ ਫੁੱਲ ਗਰੰਟੀ ਦੇ ਕੇ ਕੰਮ ਦਾ ਸ੍ਰੀ ਗਣੇਸ਼ ਕਰ ਦਿੰਦੇ ਹਾਂ। ਸਮੇਂ ਅਨੁਸਾਰ ਖਰਚ ਦੇ ਅਨੁਪਾਤ ਵਿੱਚ ਵਾਧਾ ਘਾਟਾ ਹੋਣਾ ਤਾਂ ਸੁਭਾਵਿਕ ਹੀ ਹੈ। ਕੰਮ ਨਾ ਹੋਣ ਵਾਲਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ, ਬਾਸ਼ਰਤੇ ਕਿ ਬੰਦਾ ਖਾਣ ਪੀਣ ਵਾਲਾ ਅਤੇ ਖੁੱਲ੍ਹੇ ਦਿਲ ਗੁਰਦੇ ਵਾਲਾ ਹੋਵੇ।

ਹਾਂ ਤੇ ਅਸੀਂ ਇਹ ਦੱਸਣਾ ਤਾਂ ਭੁੱਲ ਹੀ ਗਏ ਕਿ ਸੈਕਟਰੀਏਟ ਅਤੇ ਐਮ.ਐਲ.ਏ. ਹੋਸਟਲ ਵਿੱਚ ਵੀ ਸਾਡੀ ਪੂਰੀ ਜਾਣ ਪਛਾਣ ਬਣਾਈ ਹੁੰਦਾ

ਸੁੱਧ ਵੈਸ਼ਨੂੰ ਢਾਬਾ/16