ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਚ ਅਧਿਕਾਰੀ ਸਕੂਲ ਵਿੱਚ ਆਏਗਾ ਤਾਂ ਉਹ ਡਾਇਰੀ ਸੰਬੰਧੀ ਜ਼ਰੂਰ ਪੁੱਛੇਗਾ। ਬੜੇ ਬੜੇ ਬਹਾਨੇ ਘੜੇ ਜਾਂਦੇ ਹਨ। ਅੱਧੇ ਅਧਿਆਪਕ ਆਪਣੀਆਂ ਅਲਮਾਰੀਆਂ ਦੀਆਂ ਚਾਬੀਆਂ ਘਰ ਭੁੱਲ ਆਉਂਦੇ ਹਨ, ਅੱਧੇ ਅਧਿਆਪਕਾਂ ਦੀਆਂ ਚਾਬੀਆਂ ਦੂਜੀ ਪੈਂਟ ਵਿੱਚ ਰਹਿ ਜਾਂਦੀਆਂ ਹਨ। ਅੱਧੀਆਂ ਮੈਡਮਾਂ ਦੀਆਂ ਡਾਇਰੀਆਂ ਦੁਸਰੇ ਪਰਸ ਵਿੱਚ ਰਹਿ ਜਾਂਦੀਆਂ ਹਨ। ਸਕੂਲ ਮੁਖੀ ਨੂੰ ਉਨ੍ਹਾਂ ਦਾ ਪੱਖ ਪੂਰਨਾ ਪੈਂਦਾ ਹੈ, ਭਾਵੇਂ ਉਸ ਅਧਿਆਪਕ ਨੇ ਕਦੇ ਵੀ ਡਾਇਰੀ ਨਾ ਲਿਖੀ ਹੋਵੇ। ਸੱਪ ਦੇ ਮੂੰਹ ਵਿੱਚ ਕਿਰਲੀ, ਖਾਵੇ ਤਾਂ ਕੋਹੜੀ ਛੱਡੇ ਤਾਂ...।

ਅਧਿਆਪਕ ਡਾਇਰੀ ਦੇ ਸੰਬੰਧ ਵਿੱਚ ਇੱਕ ਹੋਰ ਵਿਸ਼ੇਸ਼ ਗੱਲ ਜ਼ਿਕਰਯੋਗ ਇਹ ਹੈ ਕਿ ਕੋਈ ਅਜਿਹਾ ਅਧਿਆਪਕ ਜਿਸ ਨੇ ਆਪ ਸਾਰੀ ਉਮਰ ਡਾਇਰ ਨਾ ਲਿਖੀ ਹੋਵੇ, ਪਰ ਬਾਈਚਾਂਸ ਰਾਖਵਾਂ ਕਰਨ ਕਾਰਨ ਜਾਂ ਕਿਸੇ ਹੋਰ ਬੈਕ ਡੋਰ ਰਾਹੀਂ ਉਸ ਨੂੰ ਕਦੀ ਮੁੱਖ ਅਧਿਆਪਕ ਬਣਨ ਦਾ ਤੁਕਾ ਲੱਗ ਜਾਵੇ ਤਾਂ ਉਹ ਆਪਣੇ ਮਾਤਹਿਤ ਅਧਿਆਪਕਾਂ ਨੂੰ ਜਿਹੜਾ ਪਹਿਲਾਂ ਕੰਮ ਦੇਵੇਗਾ, ਉਹ ਡਾਇਰੀ ਲਿਖਣ ਦਾ ਹੀ ਹੋਵੇਗਾ। ਲਓ ਭਾਈ ਸਾਹਿਬ ਆਪਣੀਆਂ ਡਾਇਰੀਆਂ ਪੂਰੀਆਂ ਕਰ ਲਓ। ਮਹਿਕਮੇ ਦੀਆਂ ਇਸ ਸਬੰਧੀ ਬੜੀਆਂ ਸਖ਼ਤ ਹਦਾਇਤਾਂ ਹਨ। ਅੱਗੇ ਤਾਂ ਹਫ਼ਤਾਵਾਰ ਡਾਇਰੀ ਲਿਖਦੇ ਸੀ ਪਰ ਹੁਣ ਨਵੀਂ ਚਿੱਠੀ ਤੋਂ ਕੋਈ ਗੱਲ ਬਹੁਤੀ ਸਪਸ਼ਟ ਨਹੀਂ ਹੁੰਦੀ, ਇਸ ਲਈ ਤੁਸੀਂ ਰੋਜ਼ਾਨਾ ਡਾਇਰੀ ਲਿਖਣੀ ਹੈ ਤੇ ਪਹਿਲੇ ਪੀਰੀਅਡ ਮੈਥੋਂ ਸਾਈਨ ਕਰਵਾ ਲੈਣੇ ਹਨ। ਅਧਿਆਪਕ ਡਾਇਰੀ ਵਿੱਚ ਕੀ ਲਿਖਦਾ ਹੈ, ਉਹ ਡਾਇਰੀ ਵਿੱਚ ਲਿਖੇ ਅਨੁਸਾਰ ਸ਼੍ਰੇਣੀ ਵਿੱਚ ਕੰਮ ਕਰਵਾਉਂਦਾ ਹੈ ਜਾਂ ਨਹੀਂ, ਇਸ ਗੱਲ ਬਾਰੇ ਉਸ ਨੂੰ ਕੋਈ ਫਿਕਰ ਫਾਕਾ ਜਾਂ ਚਿੰਤਾ ਝੋਰਾ ਨਹੀਂ ਹੈ।ਉਸ ਦੀ ਹਉਮੈਂ ਦੀ ਸੰਤੁਸ਼ਟੀ ਤਾਂ ਸਿਰਫ ਇਸੇ ਗੱਲ ਵਿੱਚ ਹੈ ਕਿ ਪਹਿਲੇ ਪੀਰੀਅਡ ਅਧਿਆਪਕ ਆਪੋ ਆਪਣੀਆਂ ਡਾਇਰੀਆਂ ਖੋਲ੍ਹ ਕੇ ਉਸ ਦੀ ਮੇਜ਼ 'ਤੇ ਲਈ ਆਉਣ ਅਤੇ ਉਹ ਬਿਨਾਂ ਵੇਖਿਆਂ ਉਸ ਉੱਪਰ ਸਾਈਨ ਕਰੀ ਜਾਵੇ। ਜਿਵੇਂ-ਜਿਵੇਂ ਨਵੀਂ ਪ੍ਰਮੋਸ਼ਨ ਦਾ ਨਸ਼ਾ ਉਤਰਦਾ ਹੈ, ਉਹ ਇਸ ਗੱਲੋਂ ਹੌਲੀ ਹੌਲੀ ਅਵੇਸਲਾ ਹੁੰਦਾ ਚਲਿਆ ਜਾਂਦਾ ਹੈ ਤੇ ਫਿਰ ਕਦੀ ਕਦਾਈ ਜਦੋਂ ਉਸ ਨੂੰ ਉੱਚ ਅਧਿਕਾਰੀ ਜਾਂ ਮੰਤਰੀ ਆਦਿ ਦੇ ਨੇੜੇ-ਤੇੜੇ ਆਉਣ ਦੀ ਜਾਂ ਇਸ ਰਸਤਿਓਂ ਲੰਘਣ ਦੀ ਭਿਣਕ ਕੰਨੀ ਪੈ ਜਾਵੇ ਤਾਂ ਉਹ ਅਧਿਆਪਕਾਂ ਨੂੰ ਆਖੇਗਾ, ਦੇਖੋ ਬਾਈ ਜੀ ਅੱਜ ਮੰਤਰੀ ਜੀ ਨੇ ਫਲਾਣੇ ਪਿੰਡ ਨਿਉਂ-ਪੱਥਰ ਰੱਖਣ ਆਉਣੈ, ਆਪਣਾ ਸੜਕ 'ਤੇ ਸਕੂਲ ਹੈ, ਇੱਥੇ ਵੀ ਆ ਸਕਦੈ, ਹੋਰ ਨਹੀਂ ਤਾਂ ਕੋਈ ਡੀ.ਓ.ਈ. ਲੰਘਦਾ ਟੱਪਦਾ ਆ ਸਕਦੈ, ਆਵਦੀਆਂ ਡੈਰੀਆਂ-ਭੂਰੀਆਂ ਕੰਪਲੀਟ ਕਰਲੋ। ਕਿਉਂਕਿ ਉਹ ਨੂੰ ਵੀ ਪਤੈ ਕਿ ਕੋਈ ਵੀ ਅਧਿਕਾਰੀ ਆਵੇ, ਉਸ ਨੇ ਡੈਰੀਆਂ ਹੀ ਪੁੱਛਣੀਆਂ ਹਨ। ਇਹ ਗੱਲ ਸਾਰੇ ਅਫ਼ਸਰ ਤੇ ਅਧਿਕਾਰੀ ਜਾਣਦੇ ਹਨ ਕਿ ਨਾ ਅਧਿਆਪਕ ਡਾਇਰੀ ਅਨੁਸਾਰ ਚਲਦਾ ਹੈ ਅਤੇ ਨਾ ਹੀ ਚੱਲਿਆ ਜਾ

ਸੁੱਧ ਵੈਸ਼ਨੂੰ ਢਾਬਾ/115