ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਾਇਰੀ ਬਨਾਮ ਡੈਅਰੀਆ

ਡਾਇਰੀ ਲਿਖਣਾ, ਸੱਭਿਅਕ ਵਿਅਕਤੀਆਂ ਦਾ ਕੰਮ ਹੈ, ਪ੍ਰੰਤੁ ਇਹ ਵੀ ਜ਼ਰੂਰੀ ਨਹੀਂ ਕਿ ਡਾਇਰੀ ਲਿਖਣ ਵਾਲਾ ਵਿਅਕਤੀ ਵਾਕਿਆ ਹੀ ਸੱਭਿਅਕ ਹੋਵੇ। ਸਾਡੇ ਹਿਸਾਬ ਨਾਲ ਡਾਇਰੀ ਲਿਖਣਾ ਇੱਕ ਰੀਸ ਦੀ ਘੜੀਸ ਹੈ ਅਤੇ ਪੱਛਮੀਂ ਲੋਕਾਂ ਦੀ ਗੁਲਾਮ ਜਹਿਨੀਅਤ ਦਾ ਪ੍ਰਦਰਸ਼ਨ ਕਰਦੀ ਹੈ।

ਡਾਇਰੀ ਲਿਖਣਾ (ਆਮ ਆਦਮੀ ਲਈ) ਪੂਰਬ ਦੀ ਆਪਣੀ ਪਰੰਪਰਾ ਨਹੀਂ। ਭਾਰਤੀ ਇਤਿਹਾਸ ਵਿੱਚ ਡਾਇਰੀ ਦਾ ਸੰਬੰਧ ਰਾਜਿਆਂ-ਮਹਾਰਾਜਿਆਂ ਜਾਂ ਕੁਝ ਉੱਚ ਕੋਟੀ ਦੇ ਵਿਦਵਾਨਾਂ ਦੇ ਨਾਵਾਂ ਨਾਲ ਹੀ ਮਿਲਦਾ ਹੈ।ਉਹ ਵੀ ਕੁਝ ਇੱਕ ਦੇ ਨਾਲ ਜਿਵੇਂ ਆਈਨੇ ਅਕਬਰੀ` ਆਦਿ। ਉਵੇਂ ਹੀ ਜਿਵੇਂ ਪਹਿਲਾਂ ਅਸੀਂ ਸਿਰਫ ਆਪਣੇ ਗੁਰੂਆਂ, ਪੀਰਾਂ ਜਾਂ ਅਵਤਾਰਾਂ ਦੇ ਹੀ ਜਨਮ ਪੁਰਬ ਮਨਾਇਆ ਕਰਦੇ ਸੀ, ਪ੍ਰੰਤੂ ਅੱਜਕੱਲ੍ਹ ਹਰ ਹਮੀਂ ਤੁਸੀਂ ਆਪਣੇ ਜੁਆਕਾਂ ਜੱਲਿਆਂ ਦੇ ਜਨਮ ਦਿਨ ਮਨਾਉਣ ਤੇ ਬੇਥਾਹ ਪੈਸਾ ਖਰਚ ਕਰੀ ਜਾਂਦੇ ਹਨ। ਕਾਕੇ ਦਾ ਮੂੰਹ ਭਾਵੇਂ ਗਿਆਰ੍ਹਾਂ ਤਰੀਕ ਵਰਗਾ ਵੀ ਕਿਉਂ ਨਾ ਹੋਵੇ, ਪ੍ਰੰਤੂ ਜਨਮ ਦਿਨ ਵਾਲੇ ਦਿਨ ਸਾਰਾ ਲਾਅਨ ਕਾਰਾਂ ਨਾਲ ਭਰਿਆ ਪਿਆ ਹੁੰਦੈ। ਇਹ ਵੀ ਸਿਰਫ ਪੱਛਮ ਵਾਲਿਆਂ ਦੀ ਰੀਸ ਕਰਕੇ ਹੀ। ਪੂਰਬ ਵਾਲੇ ਲੋਕ ਇਸ ਅਸਲੀਅਤ ਨੂੰ ਭੁੱਲ ਜਾਂਦੇ ਹਨ ਕਿ ਪੁਰਬ ਹਮੇਸ਼ਾਂ ਪੁਰਬ ਹੀ ਰਹਿਣਾ ਹੈ ਅਤੇ ਪੱਛਮ ਨੇ ਪੱਛਮ ਹੀ ਰਹਿਣਾ ਹੈ। ਪੂਰਬ ਵਾਲਿਆਂ ਦੀਆਂ ਆਪਣੀਆਂ ਬਹੁਤ ਹੀ ਗੌਰਮਈ ਪ੍ਰੰਪਰਾਵਾਂ ਹਨ, ਜਿਨ੍ਹਾਂ ਦੀ ਪੱਛਮ ਵਾਲੇ ਕਦੇ ਵੀ ਰੀਸ ਨਹੀਂ ਕਰ ਸਕਦੇ। ਅਸੀਂ ਸਿਰਫ ਫੋਕੀ ਸ਼ੋਹਰਤ ਲਈ ਰੀਸ ਕਰਨ ਵਿੱਚ ਹੀ ਆਪਣਾ ਵਡੱਪਣ ਸਮਝ ਰਹੇ ਹਾਂ।

ਅਸੀਂ ‘ਡਾਇਰੀ ਨੂੰ ਡਾਇਰੀਆ’ ਇੱਕ ਬਿਮਾਰੀ ਦੇ ਪ੍ਰਸੰਗ ਵਿੱਚ ਦੇਖਦੇ ਹਾਂ। ਕਿਉਂਕਿ ਭਾਰਤ ਵਿੱਚ ਕੁਝ ਲੋਕ ਰੋਜ਼ਾਨਾ ਡਾਇਰੀ ਲਿਖ ਕੇ ਆਪਣੇ ਆਪ ਨੂੰ ਉੱਚ ਕੋਟੀ ਦੇ ਵਿਦਵਾਨ, ਲੇਖਕ, ਅਮੀਰ, ਸੱਭਿਅਕ ਜਾਂ ਹਾਈ ਐਂਟਰੀ ਦੇ ਲੋਕਾਂ ਦੀ ਕਤਾਰ ਵਿੱਚ ਖੜ੍ਹਉਣਾ ਚਾਹੁੰਦੇ ਹਨ ਅਤੇ ਕਈ ਵਾਰ ਉਹ ਅਜਿਹਾ ਭੁਲੇਖਾ ਪਾਉਣ ਵਿੱਚ ਸਫਲ ਵੀ ਹੋ ਜਾਂਦੇ ਹਨ।

ਡਾਇਰੀ ਲਿਖਣ ਵਾਲੇ ਦੂਜੇ ਪੁਰਸ਼ਾਂ ਦੀ ਕਤਾਰ ਵਿੱਚ ਕਾਲਜਾਂ ਦੇ ਫੁਕਰੇ ਕਿਸਮ ਦੇ ਲੜਕੇ ਅਤੇ ਲੜਕੀਆਂ ਆ ਜਾਂਦੇ ਹਨ। ਉਨ੍ਹਾਂ ਦਾ ਆਪਣੇ ਆਪ ਨੂੰ ਡਾਇਰੀ ਲੇਖਕ ਦਰਸ਼ਾਉਣ ਦਾ ਭਾਵ ਸਿਰਫ ਫੋਕੀ ਸ਼ੋਹਰਤ ਹਾਸਲ ਕਰਨ ਤੋਂ ਇਲਾਵਾ ਕੁਝ ਨਹੀਂ ਹੁੰਦਾ। ਡਾਇਰੀ ਲੇਖਕ ਹੋਣ ਹੋਣ ਕਰਕੇ ਉਹ ਆਪਣੇ ਆਪ ਨੂੰ ਆਦਰਸ਼ ਵਿਦਿਆਰਥੀ ਸਮਝਦੇ ਹਨ, ਆਦਰਸ਼ਪੁਣੇ ਦੇ ਅਸਰ ਹੇਠ ਉਹ ਕਈ ਵਾਰ ਆਪਣੇ ਆਪ ਨਾਲ ਵਾਪਰੀਆਂ ਕੁਝ ਇਸ਼ਕਮੁਸ਼ਕ ਦੀਆਂ ਘਟਨਾਵਾਂ? ਕਈ ਵਾਰ ਉਨ੍ਹਾਂ ਨੂੰ ਵਧਾ ਚੜ੍ਹਾ ਕੇ ਵੀ ਲਿਖ ਦਿੰਦੇ

ਸੁੱਧ ਵੈਸ਼ਨੂੰ ਢਾਬਾ/113