ਪੰਨਾ:ਸ਼ੁੱਧ ਵੈਸ਼ਨੂੰ ਢਾਬਾ – ਸੁਰਜੀਤ ਸਿੰਘ ਕਾਲੇਕੇ.pdf/10

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਠਕ ਦੇ ਬੌਧਿਕ ਪੱਧਰ ਤੋਂ ਕਿਤੇ ਅੱਗੇ ਲੰਘ ਜਾਂਦੀਆਂ ਹਨ। ਕੰਦ ਖੇੜਾ ਰਾਇਸ਼ੁਮਾਰੀ, ਰਾਜ ਨਰਾਇਣ ਵਰਗੇ ਰੇਲ ਮੰਤਰੀ ਅਤੇ ਹੁਕਮ ਸਿੰਘ ਵਰਗੇ ਸਿਆਸਤਦਾਨਾਂ ਨਾਲ ਸੰਬੰਧਤ ਘਟਨਾਵਾਂ ਦਾ ਪਾਠਕ ਤਾਂ ਹੀ ਪੂਰਾ ਆਨੰਦ ਮਾਣ ਸਕਦਾ ਹੈ ਜੇਕਰ ਉਹ ਇਹਨਾਂ ਨਾਲ ਸੰਬੰਧਤ ਘਟਨਾਵਾਂ ਦੇ ਪਿਛੋਕੜ ਤੋਂ ਪੂਰੀ ਤਰ੍ਹਾਂ ਵਾਕਿਫ਼ ਹੋਵੇ। ਦਲੇਰ ਮਹਿੰਦੀ ਦਾ ਜ਼ਿਕਰ ਕਰਦਾ ਕਰਦਾ ਉਹ ਬੜੀ ਹੀ ਤਕਨੀਕੀ ਜਿਹੀ ਬੁਰਸ਼-ਛੋਹ ਨਾਲ ਕੀਤੇ ਗਏ ਮੀਕੇ ਅਤੇ ਰਾਖੀ ਸਾਵੰਤ ਦੇ ਜ਼ਿਕਰ ’ਚੋਂ ਕੋਈ ਪਾਠਕ ਤਾਂ ਹੀ ਪੂਰਾ ਲੁਤਫ਼ ਲੈ ਸਕਦਾ ਜੋ ਇਹਨਾਂ ਵਿਅਕਤੀਆਂ ਦੇ ਕੇਵਲ ਨਾਵਾਂ ਤੋਂ ਹੀ ਨਹੀਂ ਬਲਕਿ ਸਮੁੱਚੇ ਕਰੈਕਟਰ ਤੋਂ ਵਾਕਿਫ਼ ਹੋਵੇ, ਜੋ ਸਾਧਾਰਣ ਅਤੇ ਨਵੇਂ ਪਾਠਕਾਂ ਦੇ ਵੱਸ ਦੀ ਗੱਲ ਨਹੀਂ ਹੈ। ਫਿਰ ਵੀ ਵਿਅੰਗ ਮਾਧਿਅਮ ਦੁਆਰਾ ਏਨੇ ਉੱਚੇ ਪੱਧਰ ਦੀ ਗੱਲ ਕਰ ਜਾਣੀ, ਨੂੰ ਉਸਦੀ ਇੱਕ ਵਿਸ਼ੇਸ਼ ਪ੍ਰਾਪਤੀ ਵਜੋਂ ਹੀ ਦੇਖਿਆ ਜਾ ਸਕਦਾ ਹੈ। ਭਾਵੇਂ ਉਸ ਦੀਆਂ ਰਚਨਾਵਾਂ ਦੀ ਲੰਬਾਈ ਕੁਝ ਵਧੇਰੇ ਹੈ, ਪ੍ਰੰਤੂ ਉਹਨਾਂ ਵਿੱਚ ਰੌਚਿਕਤਾ ਦੀ ਘਾਟ ਕਿਤੇ ਵੀ ਨਹੀਂ ਰੜਕਦੀ।

ਕਾਲੇਕੇ ਦਾ ਵਿਸ਼ੇਸ਼ ਹਾਸਲ ਇਹ ਹੈ ਕਿ ਉਸਦੀ ਕਿਸੇ ਵੀ ਰਚਨਾ ਵਿੱਚ ਹਲਕਾਪਨ, ਪੇਤਲਾਪਨ ਜਾਂ ਉਲਾਰ ਕਿਧਰੇ ਵੀ ਨਜ਼ਰ ਨਹੀਂ ਆਉਂਦਾ। ਉਸਦੀ ਸਾਰੀ ਰਚਨਾ ਵਿੱਚ ਬਹੁ-ਪੱਖੀ ਅਤੇ ਬਹੁ-ਆਯਾਮੀ, ਬੇਥਾਹ ਮੈਟਰ ਭਰਿਆ ਪਿਆ ਹੈ। ਕਾਵਿ ਖੇਤਰ ਵਿੱਚੋਂ ਆਏ ਹੋਣ ਕਰਕੇ ਉਸ ਦੀ ਅਮੀਰ ਸਾਹਿਤਕ ਭਾਸ਼ਾ ਵੀ ਵਿਅੰਗ ਦੀ ਤੀਬਰਤਾ ਨੂੰ ਲਗਾਤਾਰ ਬਣਾਈ ਰੱਖਦੀ ਹੈ। ਪਾਠਕ ਵਿੱਚ ਇੱਕ ਉਤੇਜਨਾ, ਇੱਕ ਸਸਪੈਂਸ ਬਣਿਆ ਰਹਿੰਦਾ ਹੈ। ਅੱਗੋਂ ਕੀ ਹੋਇਆ, ਇਹ ਜਾਣਨ ਦੀ ਇੱਛਾ ਵਿੱਚ ਹੀ ਰਚਨਾ ਦਾ ਅੰਤ ਹੋ ਜਾਂਦਾ ਹੈ।

ਮੈਨੂੰ ਇਸ ਕਾਵਿ-ਵਾਰਤਕ ਸ਼ੈਲੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਉਮੀਦ ਕਰਦਾ ਹਾਂ ਕਿ ਪਾਠਕ ਜਿੱਥੇ ਵਿਅੰਗ-ਖੇਤਰ ਵਿੱਚ ਉਸ ਨੂੰ ਜੀਓ ਆਇਆ ਆਖਣਗੇ ਉੱਥੇ ਇਸ ਰਚਨਾ ਦਾ ਭਰਪੂਰ ਅਨੰਦ ਵੀ ਮਾਨਣਗੇ।

-ਕੁਲਦੀਪ ਸਿੰਘ ਬੇਦੀ
ਸਾਹਿਤ ਸੰਪਾਦਕ
ਰੋਜ਼ਾਨਾ ਜੱਗਬਾਣੀ, ਜਲੰਧਰ
ਮੋ. 98760-95392

ਸੁੱਧ ਵੈਸ਼ਨੂੰ ਢਾਬਾ/10