ਪੰਨਾ:ਸ਼ਹੀਦੀ ਜੋਤਾਂ.pdf/72

ਇਹ ਸਫ਼ਾ ਪ੍ਰਮਾਣਿਤ ਹੈ

(੭੧)

ਦੁਵੱਯਾ ਛੰਦ-

ਉਸੇ ਵੇਲੇ ਤਾਰੂ ਸਿੰਘ ਨੂੰ, ਪਕੜ ਜਲਾਦ ਲਿਜਾਂਦੇ।
ਚਰਖੀ ਕੋਲ ਜਕੜ ਕੇ ਉਸਨੂੰ, ਜ਼ੋਰਾਂ ਨਾਲ ਘੁਮਾਂਦੇ।
ਕਰ ਅਰਦਾਸਾ ਤਾਰੂ ਸਿੰਘ ਨੇ, ਉਸ ਨੂੰ ਸੀਸ ਨਿਵਾਇਆ।
ਪਾਸ ਕਰੀਂ ਘਸਵਟੀਏ ਮੈਨੂੰ, ਦਰ ਤੇਰੇ ਸਿੰਘ ਆਇਆ।
ਘੂੰ ਘੂੰ ਕਰਕੇ ਚਲਣ ਲਗੀ, ਕਲਜੋਗਣ ਰਤ ਪੀਣੀ।
ਉਡਣ ਲਗੇ ਤਨ ਦੇ ਤੂੰਬੇ, ਜੀਕੁਣ ਰੂੰਈ ਪਿੰਜੀਣੀ।
ਮੂਰਤ ਵਾਂਗ ਅਸਹਿ ਦੁਖ ਜਰਕੇ; ਬੈਠਾ ਸਿੰਘ ਜਰਵਾਣਾ।
ਦੰਦੇ ਏਦਾਂ ਮਾਸ ਕਤਰਦੇ, ਜਿਵੇਂ ਦਾਲ ਦਾ ਦਾਣਾ।
ਲੀਰੋ ਲੀਰ ਜਿਸਮ ਨੂੰ ਕੀਤਾ ਫੜ ਚਰਖੀ ਦੇ ਦੰਦਿਆਂ।
ਕੰਨਾਂ ਉਤੇ ਹਥ ਲਗਾਏ, ਤਕ ਤਕ ਜ਼ੁਲਮੀ ਬੰਦਿਆਂ।
ਵੇਖਣ ਵਾਲੇ ਥਰ ਥਰ ਕੰਬਣ, ਪਰ ਨਾ ਸਿਦਕੀ ਡੋਲੇ।
'ਤੇਰਾ ਭਾਣਾ ਮੀਠਾ ਲਾਗੇ' ਇਹ ਤੁਕ ਦੰਮ ਦੰਮ ਬੋਲੇ।
ਓੜਕ ਹੋ ਏ ਸੁਰਤਾ ਡਿਗਾ, ਖੂਨ ਗਿਆ ਵਗ ਸਾਰਾ।
ਬੰਦ ਕਰੋ ਹੁਣ ਜੇਹਲ ਚਿ ਇਸਨੂੰ, ਕਹਿੰਦਾ ਆ ਹਤਿਆਰਾ।
ਲੂਣ ਬਰੀਕ ਪੀਸਕੇ ਛਟੇ, ਜ਼ਖਮਾਂ ਉਤੇ ਮਾਰੋ।
ਮਾਰ ਮਾਰਕੇ ਛਮਕਾਂ ਇਸਦਾ, ਗੋਸ਼ਤ ਹੋਰ ਉਤਾਰੋ।
ਏਹ ਹੈ ਕੁਲ ਸਿੰਘਾਂ ਦਾ ਲੀਡਰ, ਕੋਹ ਕੋਹ ਕੇ ਜਿੰਦ ਕਢੋ।
ਮੰਨੇ ਈਨ 'ਅਨੰਦ' ਜਦੋਂ ਏਹ, ਫੇਰ ਏਸ ਨੂੰ ਛਡੋ।