ਪੰਨਾ:ਸ਼ਹੀਦੀ ਜੋਤਾਂ.pdf/35

ਇਹ ਸਫ਼ਾ ਪ੍ਰਮਾਣਿਤ ਹੈ

(੩੬)

ਲੋੜੇਂ ਖੈਰ ਮਸੂਲ ਅਦਾ ਕਰਦੇ,
ਕਰ ਦੇਵਾਂਗਾ ਤੇਰੀ ਰਿਹਾਈ ਸਿਖਾ।
ਮੰਨਾਂ ਕਿਵੇਂ ‘ਹਰਿਮੰਦਰ’ ਦਾ ਸਾਧ ਹੈਂ ਤੂੰ,
ਤੇਰੇ ਕੋਲ ਨਹੀਂ ਇਕ ਪਾਈ ਸਿਖਾ।
ਭੌਣ ਵਰਸਦੇ ਮਾਇਆ ਦੇ ਸਦਾ ਓਥੇ,
ਮੰਨਤਾਂ ਮੰਨਦੀ ਉਥੇ ਖ਼ੁਦਾਈ ਸਿਖਾ।
ਏਹਦੇ ਬਾਦ ਇਕ ਹੋਰ ਹੈ ਭਲੇ ਦੀ ਗਲ,
ਤੇਰੀ ਹੋਵੇਗੀ ਬੜੀ ਵਡਿਆਈ ਸਿਖਾ।
ਕਲਮਾ ਪੜ੍ਹ ‘ਅਨੰਦ’ ਰਸੂਲ ਦਾ ਤੂੰ;
ਹੋਊ ਵਿਚ ਦਰਗਾਹ ਸਹਾਈ ਸਿਖਾ।

ਜਵਾਬ ਭਾਈ ਮਨੀ ਸਿੰਘ ਜੀ


‘ਕੰਚਨ’ ‘ਕਚ’ ਨੂੰ ਜਾਣਦਾ ਇਕ ਜੈਸਾ,
ਸਿੰਘ ਮਾਇਆ ਨੂੰ ਕਦੇ ਪਿਆਰਦਾ ਨਹੀਂ।
ਦਰਬਾਰ ਸਾਹਿਬ ਨੂੰ ਤੁਸਾਂ ਬਰਬਾਦ ਕੀਤਾ,
ਦਸਵੰਧ ਆਕੇ ਉਥੇ ਕੋਈ ਤਾਰਦਾ ਨਹੀਂ।
ਮੇਲਾ ਲਗਦਾ ਫਿਰ ਇਨਕਾਰ ਕੀਹ ਸੀ,
ਪੈਸੇ ਲਈ ਮੈਂ ਧਰਮ ਨੂੰ ਹਾਰਦਾ ਨਹੀਂ।
ਤੁਸੀਂ ਆਪਣਾ ਛੱਡ ਈਮਾਨ ਦਿਤਾ,
ਔਗਣ ਆਪਣਾ ਪੁਰਸ਼ ਵਿਚਾਰਦਾ ਨਹੀਂ।
ਸਾਨੂੰ ਗੁਰਾਂ ਸਰਦਾਰੀਆਂ ਬਖਸ਼ੀਆਂ ਨੇ,
ਸੌ ਛਿਤਰ ਵਡਿਆਈ ਸਿਰ ਮਾਰਦਾ ਨਹੀਂ।