ਪੰਨਾ:ਸ਼ਹੀਦੀ ਜੋਤਾਂ.pdf/191

ਇਹ ਸਫ਼ਾ ਪ੍ਰਮਾਣਿਤ ਹੈ



(੧੯੦)

ਹਿੰਦੂਆਂ ਦੇ ਵਾਸਤੇ

ਮੁਗਲ ਰਾਜ ਦੇ ਵੇਲੇ ਆਗੂ, ਸਨ ਕਾਜ਼ੀ ਮੁਲਵਾਣੇ।
ਝੂਠਾ ਸਚਾ ਮੂਲ ਨਾ ਵੇਖਣ, ਕਰਦੇ ਮਨ ਦੇ ਭਾਣੇ।
ਬੈਠ ਕਾਨੂੰਨ ਘੜਨ ਜੋ ਕਾਜ਼ੀ, ਮੰਨਣ ਹਾਕਮ ਸੋਈ।
ਹਿੰਦੂ ਹੋਣਾ ਐਬ ਸਮਝਦੇ, ਗਲ ਸੁਣਨ ਨਾ ਕੋਈ।
ਛੋਟੇ ਵਡੇ ਸ਼ਹਿਰੀ ਹਿੰਦੂ, ਹੋਕੇ ਸਾਰੇ ਕਠੇ।
ਮਿਰਜ਼ੇ ਕੋਲ ਕਚਹਿਰੀ ਅੰਦਰ, ਔਂਦੇ ਨਨੇ ਨਠੇ।
ਨਾਲ ਹਕੀਕਤ ਰਾਇ ਦੇ ਲੈ ਲੈ, ਤੋਲ ਮਿਰਜ਼ਿਆ ਮਾਇਆ।
ਛਡ ਦੇ ਬਾਗ ਮਲ ਬੀ ਜਦ ਦਾ, ਇਹ ਇਕਲੌਤਾ ਜਾਇਆ।
ਰਬ ਹਕੂਮਤ ਦਿਤੀ ਤੈਨੂੰ, ਕਰ ਕੁਝ ਅਦਲ ਪਿਆਰੇ।
ਪਹਿਲੋਂ ਵਾਧਾ ਕਾਜ਼ੀ ਕੀਤਾ, ਆਖਣ ਮੁੰਡੇ ਸਾਰੇ।
ਮਜ਼ਹਬ ਕਿਸੇ ਦੇ ਤਾਈਂ ਮੰਦਾ, ਆਖਣ ਬੰਦੇ ਮੰਦੇ।
ਥਾਂ ਥਾਂ ਅੱਗ ਲਗੌਂਦੇ ਫਿਰਦੇ, ਮੁਲਾਂ ਕਾਜ਼ੀ ਗੰਦੇ।
ਰੋ ਰੋ ਪਿਟੇ ਮਾਤਾ ਗੌਰਾਂ, ਛਡ ਸ਼ਾਹਾ ਪੁਤ ਮੇਰਾ।
ਮੌਲਾ ਦੀਨ ਦੁਨੀ ਵਿਚ ਰੁਤਬਾ, ਉਚਾ ਰਖੇ ਤੇਰਾ।
ਸਜ ਵਿਆਹੀ ਦੀ ਨਾ ਮਹਿੰਦੀ, ਹਾਲਾਂ ਮੈਲੀ ਹੋਈ।
ਧਾੜਾਂ ਉਸ ਦੀਆਂ ਸੱਧਰਾਂ ਉਤੇ, ਪਾ ਗਿਆ ਡਾਕੂ ਕੋਈ।
ਦੇਵੇ ਰੱਬ ਤਰੱਕੀ ਤੈਨੂੰ, ਮੈਂ ਪਰ ਕਰਮ ਕਮਾਈਂ।
ਮਿਰਜ਼ਿਆ ਸਾਡੇ ਘਰ ਦਾ ਦੀਵਾ, ਵੇਖ ਨਾ ਕਿਤੇ ਬੁਝਾਈਂ।
ਦਿਲ ਮਿਰਜ਼ੇ ਦੇ ਰਹਿਮ ਆ ਗਿਆ, ਸੁਣਕੇ ਏਦਾਂ ਹਾੜੇ।
ਜ਼ਾਲਮ ਕਾਜ਼ੀ ਫੇਰ ਅਠੂੰਹੇਂ, ਇਉਂ ਉਠ ਨਕੋਂ ਝਾੜੇ।