ਪੰਨਾ:ਸ਼ਹੀਦੀ ਜੋਤਾਂ.pdf/179

ਇਹ ਸਫ਼ਾ ਪ੍ਰਮਾਣਿਤ ਹੈ

(੧੭੮)

ਤੇਰਾ ਪਲੜਾ ਪੀਰ ਪੈਗ਼ੰਬਰ, ਅਗੇ ਕਿਸੇ ਨਾ ਭਰਨਾ ਏਂ।
ਬਰਕਤ ਸਿੰਘ ਕਰ ਲੈ ਨੇਕੀ, ਅਜ ਕਲ ਤੂੰ ਵੀ ਮਾਰਨਾ ਏਂ।
ਵੇਖ ਕਿਥੇ ਉਹ ਵਡੇ ਤੇਰੇ, ਜਿਨਾਂ ਕਿਲੇ ਬਨਾਏ ਨੇ।
ਵਿੱਚ ਹਵਾ ਦੇ ਅਰਸ਼ਾਂ ਉਤੇ, ਜਿਨਾਂ ਤਖਤ ਉਡਾਏ ਨੇ।
ਫਿਰਾਊਨ, ਨਮਰੂਦ, ਸਕੰਦਰ, ਕਾਰੂੰ ਜਹੇ ਕੁਰਲਾਏ ਨੇ।
ਖਾਲੀ ਆਏ ਬਰਕਤ ਸਿੰਘਾ, ਖਾਲੀ ਉਠ ਸਿਧਾਏ ਨੇ।

ਨਾ ਕਰ ਜ਼ਾਲਮ ਮੇਰੀ ਮੇਰੀ, ਨਾ ਕਰ ਜ਼ੋਰ ਧਿੰਗਾਣਾ ਤੂੰ।
ਰੱਬ ਦੇ ਅਗੇ ਜਾਕਰ ਆਪਣਾ, ਅੰਤ ਹਿਸਾਬ ਦਿਖਾਣਾ ਤੂੰ।
ਜਸੇ ਬੀਜੇ ਜ਼ਹਿਰ ਦੇ ਬੂਟੇ, ਫਲ ਵੈਸਾ ਹੀ ਪਾਣਾ ਤੂੰ।
ਬਰਕਤ ਸਿੰਘਾ ਨਰਕਾਂ ਅੰਦਰ, ਸੜ ਸੜ ਕੇ ਪਛਤਾਣਾ ਤੂੰ।

ਪੁਤ ਬੇਦੋਸ ਜਿਨਾਂ ਦੇ ਮਾਰੇ, ਤੈਨੂੰ ਉਹ ਕੁਰਲਾਣਗੀਆਂ।
ਸਤ ਜਿਨਾਂ ਰੰਡੀਆਂ ਦੇ ਤੋੜੇ, ਤੈਨੂੰ ਫਿਟਕਾਂ ਪਾਣਗੀਆਂ।
ਵੀਰ ਜਿਨਾਂ ਦੇ ਕੋਹ ਦਿਤੇ ਨੀ, ਤੈਨੂੰ ਕੱਚਾ ਖਾਣਗੀਆਂ।
ਰੋ ਰੋ ਝੂਰੇਂ ਬਰਕਤ ਸਿੰਘਾ, ਘੜੀਆਂ ਜਦ ਲੰਘ ਜਾਨਗੀਆਂ।

ਸੰਭਲ ਵੇਲਾ ਹੁਣ ਹਥ ਤੇਰੇ, ਤੀਰ ਖੁਦਾ ਨੂੰ ਮਾਰ ਨਹੀਂ।
ਪੈ ਗਈ ਬੇੜੀ ਜਦ ਕਪਰਾਂ ਵਿੱਚ, ਲੰਘਣਾ ਉਸਨੇ ਪਾਰ ਨਹੀਂ।
ਚਦਰ ਤੇਰੀ ਛੋਟੀ ਮੂਰਖ, ਲੰਬੇ ਪੈਰ ਪਸਾਰ ਨਹੀਂ।
ਖੁੰਝ ਗਿਓ ਜੇ ਬਰਕਤ ਸਿੰਘਾ, ਫਿਰ ਹੋਣਾ ਇਤਬਾਰ ਨਹੀਂ।
ਏਸ ਤਖਤ ਤੇ ਲਖਾਂ ਬਹਿ ਗਏ, ਜਿਸਤੇ ਬਹਿਕੇ ਭੁਲ ਗਿਓਂ।
ਇਕ ਘੜੀ ਦਾ ਜੋਬਨ ਤੇਰਾ; ਫੁਲ ਵਾਂਗਰਾਂ ਫੁਲ ਗਿਓਂ।
ਹੈ ਸੈਂ ਤੂੰ ਅਨਮੁਲੜਾ ਹੀਰਾ, ਪਰ ਘੱਟੇ ਵਿੱਚ ਰੁਲ ਗਿਓਂ।
'ਸੁਵਾਂਤ ਬੂੰਦ' ਸੈਂ ਬਰਕਤਸਿੰਘਾ, ਪਰਮੌਹਰੇ ਵਿਚ ਘੁਲ ਗਿਓਂ।