ਪੰਨਾ:ਸ਼ਹੀਦੀ ਜੋਤਾਂ.pdf/165

ਇਹ ਸਫ਼ਾ ਪ੍ਰਮਾਣਿਤ ਹੈ



(੧੬੪)

ਕੜੀਆਂ ਮਾਰ ਤੇ ਜਕੜ ਵਿਚ ਬੇੜੀਆਂ ਦੇ,
ਜੀਂਦਾ ਬੰਨ ਲਾਹੌਰ ਲਜਾਵਣਾਂ ਈਂ।
ਸੂਬੇ ਖਾਨ ਬਹਾਦਰ ਨੂੰ ਜਾਣਦਾ ਨਹੀਂ,
ਪੁਠਾ ਚੰਮ ਤੇਰਾ ਉਸ ਲੁਹਾਵਣਾ ਈਂ।
ਤੁਰ ਜਾ ਵਲ ਪਹਾੜਾਂ ਦੇ ਜਾਨ ਲੈ ਕੇ,
ਸੁਤੇ ਸ਼ੇਰਾਂ ਨੂੰ ਐਵੇਂ ਜਗਾਈਦਾ ਨਹੀਂ।
ਲੈਣਾ ਚੁੰਗੀਆਂ ਕੰਮ ਹੈ ਬਾਦਸ਼ਾਹ ਦਾ,
ਐਵੇਂ ਚੰਮ ਦਾ ਦੰਮ ਚਲਾਈਦਾ ਨਹੀਂ।

ਜਵਾਬ ਭਾਈ ਬੋਤਾ ਸਿੰਘ ਜੀ


ਭਜ ਕੌਮ ਨੂੰ ਦਾਗ਼ ਲੁਵਾਵਾਂ ਕਾਹਨੂੰ,
ਮਰਨਾ ਵਿਚ ਮੈਦਾਨ ਦੇ ਭਾਂਵਦਾ ਉਏ।
ਹੋਂਦੀ ਰੀਝ ਪਹਾੜਾਂ ਵਿਚ ਫਿਰਨ ਦੀ ਜੇ,
ਕਾਹਨੂੰ ਚਿਠੀਆਂ ਘਲ ਮੰਗਾਂਵਦਾ ਉਏ।
ਸਿੰਘ ਨਹੀਂ ਉਹ ਕਾਇਰ ਦੀ ਬਿੰਦ ਹੁੰਦਾ,
ਭੀੜ ਬਣੀ ਵੇਲੇ ਘਬਰਾਂਵਦਾ ਉਏ।
ਮੌਤ ਬਣੀ ਚੁਗੱਤਿਆਂ ਕੁਪੱਤਿਆਂ ਲਈ,
ਮਰਕੇ ਕਲਾ ਚੜ੍ਹਦੀ ਸਿੰਘ ਪਾਂਵਦਾ ਉਏ।
ਏਸ ਦੇਹੀ ਨੂੰ ਮੌਤ ਦਾ ਭੈ ਹੈ ਨਹੀਂ,
ਮਰਕੇ ਤੀਰਾਂ ਤਲਵਾਰਾਂ ਤੇ ਤੁਲਨਾ ਈਂ।
ਲਥੂ ਖਲ ਤਾਂ ਬਣੂ 'ਨਿਸ਼ਾਨ ਪੀਲਾ',
ਜਿਨੇ ਵਿਚ ਖੈਬਰਾਂ ਦੇ ਝੁਲਣਾ ਈਂ।