ਪੰਨਾ:ਸ਼ਹੀਦੀ ਜੋਤਾਂ.pdf/13

ਇਹ ਸਫ਼ਾ ਪ੍ਰਮਾਣਿਤ ਹੈ

(੧੪)

ਔਰੰਗਜ਼ੇਬ ਦਾ ਕਾਜ਼ੀਆਂ ਨੂੰ ਪੁਛਣਾ

ਪੁਛਿਆ ਫੇਰ ਉਰੰਗੇ ਨੇ ਕਾਜ਼ੀਆਂ ਨੂੰ,
ਛੇਤੀ ਕਰੋ ਤੇ ਖੋਹਲ ਕਿਤਾਬ ਆਖੋ ।
ਜੇੜਾ ਕੁਫਰ ਤੋਲੇ ‘ਫਿਰਾਊਨ’ ਬਨਕੇ,
ਓਹਦੇ ਮਾਰਨ ਲਈ ਕੀਹ ਹੈ ਅਜ਼ਾਬ ਆਖੋ।
ਕਰੀਏ ਪੱਥਰਾਂ ਨਾਲ ਸੰਗਸਾਰ ਏਹਨੂੰ,
ਭੁੰਨੀਏਂ ਸੀਖਾਂ ਤੇ ਏਹਦਾ ਕਬਾਬ ਆਖੋ।
ਜੇਹੜਾ ਨਬੀ ਦੇ ਦੀਨ ਤੋਂ ਹੋਏ ਬਾਗ਼ੀ,
ਉਹਦੇ ਮਾਰਨ ਦਾ ਕੀਹ ਏ ਸੁਵਾਬ ਆਖੋ ।
ਆਖੋ, ਅਲ੍ਹਾ ਕਲਾਮ ਜੋ ਆਖਦੀ ਏ,
ਵਡਾ ਕਾਫਰ ਏ ਉਸ ਤੋਂ ਕੁਫਾਰ ਵਡਾ।
ਵਡੇ ਆਦਮੀ ਨੂੰ ਮਾਰਨ ਵਾਸਤੇ ਵੀ,
ਹੈ ‘ਅਨੰਦ’ ਚਾਹੀਦਾ ਕੀ ਹਥਿਆਰ ਵਡਾ।

ਕਹਿਣਾ ਕਾਜ਼ੀ ਦਾ
(ਪਉੜੀ)

ਤਦ ਕਾਜ਼ੀ ਖੋਹਲ ਕਿਤਾਬ ਨੂੰ, ਕੁਝ ਫੋਲ ਉਚਾਰੇ।
ਏਹ ਬਣੇ ਸ਼ਰੀਕ ਅਲਾਹ ਦਾ, ਜੋ ਜੰਮੇ ਮਾਰੇ।
ਏਹਨੇ ‘ਫਿਰਾਊਨ’ ‘ਨਮਰੂਦ’ ਜਹੇ, ਕੀਤੇ ਹਨ ਕਾਰੇ।
ਏਹਨੇ ਬੋਲੇ ਬੋਲ ਤਕੱਬਰੀ, ਕੁਫਰਾਂ ਦੇ ਭਾਰੇ।
ਹੈ ਫਤਵਾ ਜੋ ਇਸਲਾਮ ਦਾ ਸੋ ਸੁਣੋ ਪਿਆਰੇ।