ਪੰਨਾ:ਸ਼ਹੀਦੀ ਜੋਤਾਂ.pdf/128

ਇਹ ਸਫ਼ਾ ਪ੍ਰਮਾਣਿਤ ਹੈ

ਸ਼ਹੀਦੀ ਛੋਟੇ ਸਾਹਿਬਜ਼ਾਦੇ

ਗੁਰਾਂ ਛਡਿਆ ਜਦੋਂ ਅਨੰਦ ਪੁਰ ਨੂੰ,
ਪਿਛੋਂ ਪਏ ਵੈਰੀ ਹੱਲਾ ਮਾਰ ਭਾਈ।
ਕਸਮਾਂ ਝੂਠੀਆਂ ਖਾਇਕੇ ਸ਼ਾਹੀ ਫੌਜਾਂ,
ਗਈਆਂ ਆਪਣੇ ਧਰਮ ਨੂੰ ਹਾਰ ਭਾਈ।
ਸਰਸਾ ਨਦੀ ਤੇ ਗਜ਼ਬ ਦਾ ਜੰਗ ਹੋਇਆ,
ਖਿਲਰ ਗਿਆ ਸਾਰਾ ਪਰਵਾਰ ਭਾਈ।
ਮਾਤਾ ਗੁਜਰੀ ਤੇ ਛੋਟੇ ਲਾਲ ਦੋਵੇਂ,
ਚੌਥਾ ਨਾਲ ਗੰਗੂ ਬਦਕਾਰ ਭਾਈ।
ਇਕੀ ਸਾਲ ਤੋਂ ਗੁਰਾਂ ਦੇ ਪਾਸ ਰਹਿਕੇ,
ਕਰਦਾ ਰਿਹਾ ਸੇਵਾ ਮਨ ਮਾਰ ਭਾਈ।
ਹੈਸੀ ਜਾਤ ਬ੍ਰਾਹਮਣ ਪਰ ਛੁਰੀ ਮਿਠੀ,
ਜਿਤ ਗੁਰਾਂ ਦਾ ਲਿਆ ਇਤਬਾਰ ਭਾਈ।
ਸਰਸਾ ਲੰਘ ਕੇ ਤੇ ਖੁੰਝ ਗਏ ਸਾਥ ਨਾਲੋਂ,
'ਖੇੜੀ' ਗੰਗੂ ਘਰ ਆਏ ਪਧਾਰ ਭਾਈ।
ਖੁਰਜੀ ਮੋਹਰਾਂ ਦੀ ਵੇਖ ਕੇ ਬਰਕਤ ਸਿੰਘਾ,
ਗਿਆ ਧਰਮ ਤੋਂ ਚੰਦਰਾ ਹਾਰ ਭਾਈ।