ਪੰਨਾ:ਸ਼ਹੀਦੀ ਜੋਤਾਂ.pdf/114

ਇਹ ਸਫ਼ਾ ਪ੍ਰਮਾਣਿਤ ਹੈ



(੧੧੩)

ਇੰਜ ਆਖ ਕੇ ਟੁਟ ਇਕਸਾਰ ਪੈ ਗਏ।
ਮਾਰੂ ਢੋਲ ਵਜੇ ਰਣ ਮੁਗਲ ਗੱਜੇ,
ਦਿਲੀਂ ਫਤਹਿ ਦੀ ਰਖ ਵਿਚਾਰ ਪੈ ਗਏ।
ਜੇ ਜੀਂਵਦੇ ਸਭ ਨੂੰ ਪਕੜ ਲਈਏ,
ਕੜੀਆਂ ਬੇੜੀਆਂ ਜਕੜ ਕੇ ਮਾਰ ਲਈਏ।
ਕਾਫਰ ਦਿਲੀ ਪੁਚਾਏ ਕੇ ਬਰਕਤ ਸਿੰਘਾ,
ਸਿਰੋਪਾਉ ਸ਼ਾਹ ਤੋਂ ਖੁਸ਼ੀ ਧਾਰ ਲਈਏ।

ਗੁਰੂ ਜੀ ਦਾ ਜਵਾਬ


ਵੈਰੀ ਦਲ ਆਏ ਜਦੋਂ ਮਾਰ ਹਲੇ,
ਵਾਛੜ ਜ਼ਹਿਰੀ ਤੀਰਾਂ ਦੀ ਵਸਾਈ ਅਗੋਂ।
ਅਗਨ ਬਾਨ ਚਲਾ ਦਸਮੇਸ਼ ਜੀ ਨੇ,
ਫੜ ਕੇ ਅੱਗ ਸਰੀਰਾਂ ਨੂੰ ਲਾਈ ਅਗੋਂ।
ਨੇੜੇ ਕੰਧਾਂ ਦੇ ਇਕ ਨਾ ਔਣ ਦਿਤਾ,
ਬੂਥੀ ਸਭ ਦੀ ਪਿਛਾਂ ਕੁਵਾਈ ਅਗੋਂ।
ਹਥ ਰਖ ਕੰਨਾਂ ਉਤੇ ਪਿਛਾਂਹ ਭਜੇ,
ਮੌਤ ਮੂੰਹ ਅੱਡ ਕੇ ਖਾਵਣ ਆਈ ਅਗੋਂ।
ਉਕਿਆ ਤੀਰ ਨਿਸ਼ਾਨੇ ਤੋਂ ਇਕ ਵੀ ਨਾ,
ਯਾਰਾਂ ਯਾਰਾਂ ਨੂੰ ਚੀਰ ਕੇ ਲੰਘ ਗਿਆ।
ਪਾਣੀ ਮੰਗਿਆ ਨਾ ਉਹਨੇ ਬਰਕਤ ਸਿੰਘਾ,
ਸੱਪ ਉਡਣਾ ਜਿਨ੍ਹਾਂ ਨੂੰ ਡੰਗ ਗਿਆ।