ਪੰਨਾ:ਸ਼ਹੀਦੀ ਜੋਤਾਂ.pdf/109

ਇਹ ਸਫ਼ਾ ਪ੍ਰਮਾਣਿਤ ਹੈ

(੧੦੮)

ਕਤਲ ਕਰ ਦੇਣਾ

ਸੁਣਕੇ ਗਲ ਬਚੇ ਦੀ ਸਾਰੀ,
ਭਖ ਗਿਆ ਸ਼ਾਹ ਵਾਂਗ ਅੰਗਾਰੀ।
ਕੰਨਾਂ ਉਤੇ ਹਥ ਲਗਾਵੇ,
ਮੌਤ ਵੇਖ, ਸਿਖ ਖੁਸ਼ੀ ਮਨਾਵੇ।
ਹੇ ਅਲਾ! ਮੈਨੂੰ ਸਮਝ ਨਾ ਆਈ,
ਸਿਖ ਨੂੰ ਕੇਹੜੀ ਮਿਟੀ ਲਾਈ।
ਪੀਰ ਪੈਗ਼ੰਬਰ ਬਲੀ ਹਜ਼ਾਰਾਂ,
ਮੌਤ ਅਗੇ ਸੁਟਣ ਤਲਵਾਰਾਂ।
ਪਰ ਸਿਖ ਵੇਖ ਕੇ ਭੁੰਬਰ ਪਾਵੇ,
ਚੜ੍ਹ ਸੂਲੀ ਤੇ ਢੋੋਲੇ ਗਾਵੇ।
ਸਦ ਜਲਾਦਾਂ ਤਾਈਂ ਕਹਿੰਦਾ,
ਸਿਖ ਅਨਮੋੜ ਨ ਮੋੜਿਆਂ ਰਹਿੰਦਾ।
ਹੁਣੇ ਕਤਲਗਾਹ ਵਿਚ ਲਿਜਾਉ,
ਇਸ ਦਾ ਧੜ ਤੋਂ ਸੀਸ ਉਡਾਉ।
ਉਸੇ ਘੜੀ ਜਲਾਦਾਂ ਫੜਿਆ,
ਵਿਚ ਕਤਲਗਾਹ ਸਿਖ ਨੂੰ ਖੜਿਆ।
ਤੇਗ਼ ਦਾ ਇਕੋ ਵਾਰ ਚਲਾਕੇ,
ਧਰਤੀ ਤੇ ਸੁਟਿਆ ਝਟਕਾਕੇ।
ਗਿਆ ਸਚਖੰਡ ਨੂੰ ਸਿਖ ਪਰਵਾਨਾ,
ਖਿੜੇ ਮਥੇ ਮੰਨ ਰਬ ਦਾ ਭਾਣਾ।
'ਅਨੰਦ' ਜੋੜ ਹਥ ਜਾਦੀ ਵਾਰੀ,
'ਵਾਹਿਗੁਰੂ ਦੀ ਫਤਹਿ' ਉਚਾਰੀ।