ਪੰਨਾ:ਸ਼ਹੀਦੀ ਜੋਤਾਂ.pdf/104

ਇਹ ਸਫ਼ਾ ਪ੍ਰਮਾਣਿਤ ਹੈ

(੧੦੩)

ਖਿਚੋ ਬੋਟੀਆਂ ਗਰਮ ਜ਼ੰਬੂਰ ਪਾ ਕੇ,
ਕਾਫ਼ਰ, ਅਜੇ ਵੀ ਰੋਹਬ ਦਖਾਂਵਦਾ ਏ।
ਕਮਚਾਂ ਮਾਰ ਉਤਾਰ ਲੌ ਪੋਸ਼ ਇਹਦਾ,
ਹਾਲੇ ਭੁਲਾਂ ਤੇ ਨਹੀਂ ਪਛਤਾਂਵਦਾ ਏ।
ਕੀਤੀ ਜਾਨ ਬਖਸ਼ੀ ਖਾਤਰ ਰਹਿਮ ਸੀ ਮੈਂ,
ਫੈਦਾ ਉਸ ਤੋਂ ਨਹੀਂ ਉਠਾਂਵਦਾ ਏ।
ਪਿਟੇ ਮੌਤ ਵੀ ਮਾਰ ਦੁਹੱਥੜਾਂ ਨੂੰ,
ਸਭੇ ਸਖਤੀਆਂ ਅਜ ਅਜ਼ਮਾਉ ਇਸਤੇ।
ਕਲਮਾਂ ਪੜੇ ਤੇ ਛਡਣਾ ਬਰਕਤ ਸਿੰਘਾ;
ਜ਼ੋਰ ਆਪਣਾ ਸਾਰਾ ਲਗਾਉ ਇਸਤੇ।

ਕਤਲਗਾਹ ਵਿਚ


ਕਤਲਗਾਹ ਵਿਚ ਫੜ ਬੰਦੇ ਨੂੰ, ਲੈ ਗਏ ਫਿਰ ਹਤਿਆਰੇ।
ਸ਼ੇਰ ਪਿੰਜਰੇ ਦੇ ਵਿਚ ਬੱਧਾ, ਡਰ ਤਾਂ ਵੀ ਪਿਆ ਮਾਰੇ।
ਕੀਤਾ ਸੀ ਬੇਸ਼ਕਲ ਸ਼ਕਲ ਤੋਂ, ਪੁਠੀਆਂ ਕੜੀਆਂ ਲਾਈਆਂ।
ਧਰਮਭਰਿਸ਼ਟ ਕਰਨ ਨੂੰ ਹਡੀਆਂ, ਮਾਲਾ ਵਾਂਗਰ ਪਾਈਆਂ।
ਬੀਰ ਆਸਨ ਲਾ ਬੀਰ ਬਹਾਦਰ, ਬੈਠ ਫਟੇ ਤੇ ਜਾਏ।
ਸਾਸ ਰੋਕ ਕੇ ਮਹਾਂ ਤਪੀ ਨੇ, ਦਸਮ ਦਵਾਰ ਚੜਾਏ।
ਹੋ ਬੇਦੇਹ ਜਨਕ ਦੇ ਵਾਂਗੂੰ, ਬੈਠਾ ਸੰਤ ਸਿਪਾਹੀ।
ਮਨ ਭਾਂਡੇ ਤੋਂ ਮੈਲ ਜਗਤ ਦੀਆਂ, ਖਾਹਸ਼ਾਂ ਸੰਦੀ ਲਾਹੀ।
ਕਰ ਤੱਤੇ ਜ਼ੰਬੂਰ ਅਗਨ ਵਿਚ ਲੋਹੇ ਵਾਂਗੂੰ ਸੜਦੇ।
ਇਉਂ ਬੰਦੇ ਦੇ ਪਿੰਡੇ ਉਤੋਂ, ਮਾਸ ਕਸਾਈ ਫੜਦੇ।