ਪੰਨਾ:ਸ਼ਹਿਰ ਗਿਆ ਕਾਂ.pdf/24

ਇਹ ਸਫ਼ਾ ਪ੍ਰਮਾਣਿਤ ਹੈ

ਖੁਚੀਆਂ ਸਬਜ਼ੀਆਂ ਤੇ ਫਲਾਂ ਦੀਆਂ ਛਿੱਲੜਾਂ ਨਾਲ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਤੇ ਮਾਣੋ ਬਿੱਲੀ ਸਾਰਾ ਦਿਨ ਬੇ-ਫ਼ਿਕਰੀ ਹੋ ਕੇ ਸੁੱਤੀ ਰਹਿੰਦੀ ਸੀ। ਚੂਹਿਆਂ ਨਾਲ ਸਮਝੌਤਾ ਕਰਨ ਤੋਂ ਬਾਅਦ ਮਾਣੋ ਬਿੱਲੀ ਬੇਹੱਦ ਖੁਸ਼ ਸੀ। ਚੂਹਿਆਂ ਨਾਲ ਸਮਝੌਤਾ ਕਰਕੇ ਮਾਣੋ ਬਿੱਲੀ ਨੇ ਬਿਨਾਂ ਕਿਸੇ ਮਿਹਨਤ ਦੇ ਲੰਮੇ ਸਮੇਂ ਤਕ ਇਸ ਘਰ ਵਿਚ ਟਿਕੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਕਰ ਲਿਆ ਸੀ।

ਮਾਲਕ, ਮਾਣੋ ਬਿੱਲੀ ਦੀ ਬਹੁਤ ਸੇਵਾ ਕਰਦਾ ਸੀ ਤੇ ਮਾਣੋ ਬਿੱਲੀ ਸਿਰਫ਼ ਖਾਣ-ਪੀਣ ਵੇਲੇ ਹੀ ਉਠਦੀ ਸੀ।ਉਹ ਸਾਰਾ ਦਿਨ ਸੁੱਤੀ ਰਹਿੰਦੀ ਸੀ। ਮਾਣੋ ਬਿੱਲੀ ਨੇ ਆਪਣੇ ਸਰੀਰ ਦੀ ਸਾਂਭ-ਸੰਭਾਲ ਬਿਲਕੁਲ ਹੀ ਛੱਡ ਦਿੱਤੀ ਸੀ। ਹੁਣ ਮਾਣੋ ਬਿੱਲੀ ਕਈ ਕਈ ਦਿਨ ਨਾ ਬੁਰਸ਼ ਕਰਦੀ ਸੀ ਤੇ ਨਾ ਹੀ ਨਹਾਉਂਦੀ ਸੀ। ਮਾਣੋ ਬਿੱਲੀ ਬਾਹਰ ਘੁੰਮਣ ਫਿਰਨ ਵੀ ਕਦੇ-ਕਦਾਈਂ ਹੀ ਜਾਂਦੀ ਸੀ।

ਉਸ ਘਰ ਵਿਚ ਰਹਿੰਦੇ ਚੂਹਿਆਂ ਵਿਚ ਇਕ ਚਿੰਕੂ ਨਾਂ ਦਾ ਚੂਹਾ ਵੀ ਸੀ। ਚਿੰਕੂ ਚੂਹਾ ਬੇਹੱਦ ਸਮਝਦਾਰ ਸੀ।

ਚਿੰਕੂ ਚੂਹਾ ਕਈ ਦਿਨ ਵੇਖਦਾ ਰਿਹਾ। ਫਿਰ ਇਕ ਦਿਨ ਉਸਨੇ ਹੌਸਲਾ ਜਿਹਾ ਕਰਕੇ ਮਾਣੋ ਬਿੱਲੀ ਨੂੰ ਸਮਝਾਉਂਦਿਆਂ ਆਖਿਆ।

"ਮਾਣੋ ਭੈਣ! ਸਾਰਾ ਸਾਰਾ ਦਿਨ ਸੁੱਤੇ ਰਹਿਣ ਤੇ ਕਈ-ਕਈ ਦਿਨ ਆਪਣੇ ਸਰੀਰ ਦੀ ਸਾਂਭ-ਸੰਭਾਲ ਨਾ ਕਰਨ ਨਾਲ ਸਾਡੇ ਸਰੀਰ ਵਿਚਲਾ ਫੁਰਤੀਲਾਪਨ ਸਮਾਪਤ ਹੋ ਜਾਂਦਾ ਹੈ ਤੇ ਭਵਿੱਖ ਵਿਚ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ।"

ਮਾਣੋ ਬਿੱਲੀ ਨੇ ਚਿੰਕੂ ਚੂਹੇ ਦੀ ਗੱਲ ਇਕ ਕੰਨੋਂ ਸੁਣ ਕੇ ਦੂਸਰੇ ਕੰਨ ਥਾਣੀਂ ਕੱਢ ਦਿੱਤੀ। ਮਾਣੋ ਬਿੱਲੀ, ਚਿੰਕੂ ਚੂਹੇ ਦੀ ਰਾਇ 'ਤੇ ਅਮਲ ਕਰਨ ਦੀ ਥਾਂ ਸਗੋਂ ਚਿੰਕੂ ਚੂਹੇ ਉੱਪਰ ਵਿਅੰਗ-ਬਾਣ ਛੱਡਣ ਲੱਗ ਪਈ।

"ਚਿੰਕੂ ! ਮੇਰੀ ਫ਼ਿਕਰ ਕਰਨ ਦੀ ਥਾਂ ਤੂੰ ਆਪਣਾ ਧਿਆਨ ਰੱਖਿਆ ਕਰ। ਵੇਖੀਂ ਕਿਤੇ ਤੈਨੂੰ ਆਂਢ-ਗੁਆਂਢ ਦੀ ਕੋਈ ਹੋਰ ਬਿੱਲੀ ਨਾ ਦਬੋਚ ਲਵੇ।" ਮਾਣੋ ਬਿੱਲੀ ਨੇ ਆਖਿਆ ਤੇ ਚਿੰਕੂ ਚੂਹੇ ਨੇ ਹੋਰ ਕੁਝ ਕਹਿਣਾ ਉਚਿਤ ਨਾ ਸਮਝਿਆ। ਚਿੰਕੂ ਚੂਹਾ ਜਾਣਦਾ ਸੀ ਕਿ ਮਾਣੋ ਬਿੱਲੀ ਆਲਸੀ ਹੀ ਨਹੀਂ, ਢੀਠ ਤੇ ਜ਼ਿੱਦੀ ਵੀ ਹੈ।