ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਨਾਟ ਖੇਤਰ ਵਿੱਚ ਜੀ ਆਇਆ ਨੂੰ

ਬਲਰਾਮ ਨੇ ਮੰਚ ਦੀ ਦ੍ਰਿਸ਼ਟੀ ਤੋਂ ਬਹੁਤ ਕਾਮਯਾਬ ਨਾਟਕਾਂ ਅਤੇ ਲਘੂ-ਨਾਟਕਾਂ ਦੀ ਰਚਨਾ ਕੀਤੀ ਹੈ ਜਿਹੜੇ ਕਿ ਵੱਖ-ਵੱਖ ਥਾਵਾਂ 'ਤੇ ਬਹੁਤ ਕਾਮਯਾਬੀ ਨਾਲ ਖੇਡੇ ਗਏ ਹਨ। ਆਪਣੀ ਪੰਜ ਦਹਾਕਿਆਂ ਦੀ ਉਮਰ ਵਿੱਚੋਂ ਉਸਨੇ ਤਿੰਨ ਦਹਾਕੇ ਨਾਟਕ ਅਤੇ ਰੰਗਮੰਚ ਨੂੰ ਸਮਰਪਿਤ ਕੀਤੇ ਹਨ। ਰੇਡੀਓ-ਨਾਟਕ, ਬਾਲ-ਨਾਟਕ, ਮੰਚ-ਨਾਟਕ, ਸੋਲੋ ਨਾਟਕ, ਆਧਾਰਿਤ ਨਾਟਕ ਆਦਿਕ ਖੇਤਰਾਂ ਵਿੱਚ ਕੰਮ ਕਰਦਿਆਂ ਉਸਨੇ ਨਾਟ-ਰਚਨਾ ਅਤੇ ਮੰਚ-ਰਚਨਾ ਦੋਹਾਂ ਖੇਤਰਾਂ ਨਾਲ ਆਪਣਾ ਪੂਰਾ ਲਗਾਵ ਰੱਖਿਆ। ਉਹ ਹਿੰਦੀ ਅਤੇ ਪੰਜਾਬੀ ਦੋਹਾਂ ਹੀ ਭਾਸ਼ਾਵਾਂ ਵਿੱਚ ਨਾਟ ਰਚਨਾ ਕਰਦਾ ਹੈ।

ਸਭ ਤੋਂ ਪਹਿਲਾਂ ਮੈਂ ਆਪਣੇ-ਆਪ ਨੂੰ ਇੱਕ ਪ੍ਰਸ਼ਨ ਕਰਦਾ ਹਾਂ। ਮੈਂ ਇੰਨੇ ਸਾਲਾਂ ਤੋਂ ਪੰਜਾਬੀ ਨਾਟਕ ਨਾਲ ਜੁੜਿਆ ਹੋਇਆ ਹਾਂ ਅਤੇ ਕਦੇ ਕਦਾਈ ਕੋਈ ਸਮੀਖਿਆਤਮਕ ਟਿੱਪਣੀ ਕਰਨ ਦਾ ਮੌਕਾ ਵੀ ਮਿਲਦਾ ਰਹਿੰਦਾ ਹੈ। ਭਾਵੇਂ ਮੈਨੂੰ ਇਹ ਵੀ ਪਤਾ ਸੀ ਕਿ ਬਲਰਾਮ ਨੇ 25 ਕੁ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਥੀਏਟਰ ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ ਉਸਦੇ ਬਹੁਤ ਸਾਰੇ ਨਾਟਕਾਂ ਦੀ ਚਰਚਾ ਵੀ ਸੁਣਦਾ ਰਿਹਾ ਹਾਂ ਅਤੇ ਕੁਝ ਨਾਟਕ ਦੇਖੇ ਵੀ ਹਨ। ਫਿਰ ਵੀ ਮੈਂ ਉਸਨੂੰ ਹਿੰਦੀ ਦਾ ਨਾਟਕਕਾਰ ਸਵੀਕਾਰ ਕਰਦਾ ਰਿਹਾ। ਮੈਨੂੰ ਲੱਗਦਾ ਸੀ ਕਿ ਉਹ ਕਦੇ-ਕਦਾਈਂ ਹੀ ਪੰਜਾਬੀ ਨਾਟਕ ਲਿਖਦਾ ਹੈ ਜਾਂ ਫ਼ਿਰ ਆਪਣੇ ਹੀ ਲਿਖੇ ਕਿਸੇ ਹਿੰਦੀ ਨਾਟਕ ਦਾ ਪੰਜਾਬੀ ਵਿੱਚ ਤਰਜਮਾ ਕਰਦਾ ਹੈ। ਉਸਦੀ ਸੰਨ 1993 ਵਿੱਚ ਛਪੀ ਹਿੰਦੀ ਕਵਿਤਾ ਦੀ ਪੁਸਤਕ 'ਅੰਤ ਨਹੀਂ ਹੈ ਯਹ' ਵੀ ਸ਼ਾਇਦ ਉਸਦੇ ਹਿੰਦੀ ਲੇਖਕ ਹੋਣ ਦੇ ਬਿੰਬ ਨੂੰ ਹੀ ਗੁੜ੍ਹਾ ਕਰ ਰਹੀ ਸੀ। ਮੈਂ ਇਹ ਜ਼ਿਕਰ ਵੀ ਕਰਨਾ ਚਾਹਾਂਗਾ ਕਿ ਉਸਨੇ ਮੇਰੇ ਤਿੰਨ ਨਾਟਕਾਂ 'ਤੱਤੀ ਤਵੀ ਦਾ ਸੱਚ', 'ਮੰਗੂ ਕਾਮਰੇਡ' ਅਤੇ 'ਇਹ ਮਹਾਂਭਾਰਤ ਦਾ ਯੁੱਗ ਨਹੀਂ' ਦਾ ਹਿੰਦੀ ਵਿੱਚ ਅਨੁਵਾਦ ਵੀ ਕੀਤਾ ਹੈ। ਪਰ ਹੁਣ ਇਹ ਜਾਣਦਿਆਂ ਆਪਣੇ ਆਪ ਤੇ ਅਫ਼ਸੋਸ ਅਤੇ ਬਲਰਾਮ ਉੱਤੇ ਖੁਸ਼ੀ ਹੋ ਰਹੀ ਹੈ ਕਿ ਉਹ ਅਸਲ ਵਿੱਚ ਇੱਕ ਪੰਜਾਬੀ ਨਾਟਕਕਾਰ ਹੈ ਜਿਸਨੇ ਕੁਝ ਹਿੰਦੀ ਨਾਟਕ ਵੀ ਲਿਖੇ ਹਨ। ਉਸਨੇ ਮੈਨੂੰ ਆਪਣੇ-ਆਪ ਨੂੰ ਮਾਫ਼ ਕਰਨ ਦਾ ਰਾਹ ਵੀ ਦੇ ਦਿੱਤਾ ਹੈ ਕਿਉਂਕਿ ਉਸਦੇ ਨਾਟਕਾਂ ਦਾ ਪ੍ਰਕਾਸ਼ਨ ਪਹਿਲੀ ਵਾਰ ਹੋ ਰਿਹਾ ਹੈ। ਇਹਨਾਂ ਅਰਥਾਂ ਵਿੱਚ ਮੈਂ ਇਸ ਨਵੇਂ ਨਾਟਕਕਾਰ ਦਾ ਪੰਜਾਬੀ ਨਾਟ-ਜਗਤ ਵਿੱਚ ਸਵਾਗਤ ਕਰਦਾ ਹਾਂ। ਉਂਝ ਅਸੀਂ ਸਾਰੇ ਸੈਮੁਅਲ ਜੌਹਨ ਦੁਆਰਾ ਕੀਤੇ ਚਰਚਿਤ ਆਧਾਰਿਤ-ਸੋਲੋ-ਨਾਟਕ 'ਜੂਠ' ਰਾਹੀਂ ਬਲਰਾਮ ਦੀ ਕਲਮ ਦੀ ਤਾਕਤ ਨੂੰ ਜਾਣਦੇ ਹਾਂ। ਇਹ ਪੰਜਾਬੀ ਦਾ ਪਹਿਲਾ ਸੋਲੋ ਨਾਟਕ ਮੰਨਿਆ ਜਾਂਦਾ ਹੈ। ਉਸਨੇ 'ਵੇਟਿੰਗ ਫ਼ਾਰ ਗੋਦੋ' ਦਾ ਅਨੁਵਾਦ ਪੰਜਾਬੀ ਯੂਨੀਵਰਸਿਟੀ ਲਈ ਕੀਤਾ ਅਤੇ 'ਮੈਕਬੈਂਥ' ਦੀ ਪੰਜਾਬੀ ਵਿੱਚ ਐਡੇਪਟੇਸ਼ਨ

77:: ਸ਼ਹਾਦਤ ਤੇ ਹੋਰ ਨਾਟਕ