ਪੰਨਾ:ਸ਼ਹਾਦਤ ਤੇ ਹੋਰ ਨਾਟਕ – ਬਲਰਾਮ.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਟਕਕਾਰ ਨੇ ਭਗਤ ਸਿੰਘ ਦਾ ਉਹੋ ਪਾਤਰ ਚਿਤਰਿਆ ਹੈ ਜੋ ਉਹ ਅਸਲ ਵਿਚ ਸੀ। ਇੰਨੀ ਛੋਟੀ ਉਮਰੇ ਉਸਦੀ ਰਾਜਸੀ ਚੇਤਨਾ ਉਸਦੇ ਸਮਕਾਲੀ ਪਰੌੜ ਰਾਜਸੀ ਨੇਤਾਵਾਂ ਨੂੰ ਜੋ ਮਾਤ ਪਾਉਂਦੀ ਹੈ ਇਹ ਹੈਰਾਨ ਕਰਨ ਵਾਲੀ ਹੈ। ਜੇਲ੍ਹ ਵਿਚ ਭੁੱਖ-ਹੜਤਾਲ ਦੌਰਾਨ ਅਪਣੇ ਪਿਤਾ ਕਿਸ਼ਨ ਸਿੰਘ ਨੂੰ ਸਮਝਾਉਂਦਿਆਂ ਕਹਿੰਦਾ ਹੈ "...ਪਰ ਇਤਿਹਾਸ ਤੋਂ ਅਖਾਂ ਮੀਚ ਨਹੀਂ ਸਕਦੇ ਅਸੀਂ। ਗ਼ਦਰੀਆਂ ਨਾਲ ਕੀ ਹੋਇਆ ਸੀ ...ਇਸ ਸਭ ਟਪਲੇਬਾਜ਼ੀ ਹੈ ...ਅਸੀਂ ਸਿਰਫ਼ ਰੋਟੀ-ਕਪੜਾ ਨਹੀਂ ਮੰਗਦੇ। (ਸਾਨੂੰ) ਉਹ ਮਿਆਰ ਚਾਹੀਦਾ ਹੈ ਜੋ ਸਾਰੀਆਂ ਅਜ਼ਾਦ ਕੌਮਾਂ ਦਾ ਹੱਕ ਹੈ... ਖੁਰਾਕ ਦੀ ਗੱਲ ਨਹੀਂ, ਵਿਚਾਰ ਦੀ ਗੱਲ ਹੈ"।

ਇਨਕਲਾਬ ਬਾਰੇ ਭਗਤ ਸਿੰਘ ਦੀ ਸੋਚ ਦਾ ਪ੍ਰਗਟਾਅ ਨਾਟਕਕਾਰ ਇਸਤਰ੍ਹਾਂ ਕਰਦਾ ਹੈ "ਇਨਕਲਾਬ ਕੋਈ ਮੌਤ ਨਾਲ ਪਿਆਰ ਨਹੀਂ, ਨਾ ਹੀ ਬੰਬ-ਬੰਦੂਕਾਂ ਦਾ ਰਾਹ ਜੋ ਫਾਂਸੀ ਦੇ ਫੰਦੇ ਤੇ ਜਾ ਕੇ ਮੁਕਦਾ ਹੈ ਇਹ ਲੋਕਾਂ ਵਿਚ ਰਹਿਕੇ ਲੋਕਾਂ ਵਿਚ ਜਿਉਣ ਦਾ ਨਾਂ ਹੈ"।

ਇਹ ਨਾਟਕਕਾਰ ਵਲੋਂ ਇਤਿਹਾਸ ਦੀ ਡੂੰਘੀ ਘੋਖ ਦਾ ਹੀ ਸਿੱਟਾ ਹੈ ਜਦੋਂ ਉਹ ਗਾਂਧੀ ਅਤੇ ਵਾਇਸਰਾਏ ਵਲੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਹੋਈ ਬਾਤਚੀਤ ਵਿਚ ਗਾਂਧੀ ਵਲੋਂ ਦੇਸੀ ਸਰਮਾਏਦਾਰੀ ਦਾ ਪੱਖ ਪੂਰਨ ਦੇ ਦੂਹਰੇ ਰੋਲ ਨੂੰ ਨੰਗਿਆਂ ਕਰਦਾ ਹੈ।

ਆਖਰੀ ਸੀਨ ਵਿਚ ਨਾਟਕਕਾਰ ਬਲਰਾਮ ਅਪਣੀ ਗੱਲ ਕਹਿਣ ਲਈ ਇਕ ਫੈਂਟਸੀ ਵਾਲੀ ਸਥਿਤੀ ਘੜਦਾ ਹੈ ਜਿਸ ਵਿਚ ਗਾਂਧੀ ਅਤੇ ਭਗਤ ਸਿੰਘ ਅਪਣੀ ਅਪਣੀ ਸੋਚ ਦਾ ਇਕ ਦੂਜੇ ਨਾਲ ਗਲਬਾਤ ਕਰਦੇ ਹੋਏ ਆਤਮ-ਵਿਸ਼ਲੇਸ਼ਣ ਕਰਦੇ ਹਨ:

ਭਗਤ ਸਿੰਘ : ਮੈਨੂੰ ਪਤਾ ਸੀ... ਕਾਮਯਾਬ ਨਹੀਂ ਹੋਣੇ ਤੁਹਾਡੇ ਤਜਰਬੇ...।

ਗਾਂਧੀ : (ਮੁਸਕ੍ਰਾਕੇ) ਕਾਮਯਾਬੀ ਹੀ ਤੋਂ ਸਬ ਕੁਛ ਨਹੀਂ।

ਭਗਤ ਸਿੰਘ : ਤਜਰਬੇ ਤਾਂ ਸਾਡੇ ਵੀ ਕਾਮਯਾਬ ਨਹੀਂ...

ਗਾਂਧੀ : ਚਲਤੇ ਰਹਿਨਾ ਹੋਗਾ...।

ਭਗਤ ਸਿੰਘ : ਬੋਲੀਆਂ ਰੂਹਾਂ ਨੂੰ ਸੁਣਾਉਨ ਦਾ ਕੋਈ ਰਾਹ...

ਗਾਂਧੀ : ... ਢੂੰਡਣਾ ਹੀ ਹੋਗਾ...।

ਭਗਤ ਸਿੰਘ : ਪਰ ਉਹ ਗੋਲੀ...

ਗਾਂਧੀ : ਜੋ ਮੁਝੇ ਲਗੀ...? (ਹਸਦਾ ਹੈ) ...ਅੰਗਰੇਜ਼ੋਂ ਕੀ ਨਹੀਂ ਥੀ...

ਭਗਤ ਸਿੰਘ : ਅੰਗਰੇਜ਼ ਕੀ ਨਹੀਂ?

ਗਾਂਧੀ : ਤੁਮਹੇਂ ਕੈਸੇ ਲਗਤਾ ਹੈ ਕਿ ਕਤਲੋ-ਗਾਰਦ ਕਾ ਹੁਨਰ ਸਿਰਫ਼ ਅੰਗਰੇਜ਼ ਜਾਨਤੇ ਹੈਂ?

ਉਪਰੋਕਿਤ ਗਲ-ਬਾਤ ਬਹੁਤ ਹੀ ਅਰਥ ਭਰਪੂਰ ਹੈ। ਇਸ ਸੰਵਾਦ ਦੀਆਂ ਕਈ ਸੇਧਾਂ (Dimensions) ਹਨ। ਇਹ ਸੰਵਾਦ ਇਕੋ ਸਮੇਂ ਭੂਤ, ਵਰਤਮਾਨ ਅਤੇ ਭਵਿੱਖ ਵਿਚ ਵਿਚਾਰ ਦਾ ਸੰਚਾਰ ਕਰਦਾ ਹੈ। ਇਸ ਸੰਵਾਦ ਨੇ ਨਾਟਕ ਨੂੰ ਯੂਨੀਵਰਸਲ ਬਣਾ ਦਿਤਾ ਹੈ।

ਅੰਤ ਵਿਚ ਮੈਂ ਨਾਟਕ ਦੇ ਰੂਪਕ ਪੱਖ ਬਾਰੇ ਗੱਲ ਕਰਨੀ ਚਾਹਵਾਂਗਾ। ਇਤਿਹਾਸ ਵਿਚੋਂ

15 :: ਸ਼ਹਾਦਤ ਤੇ ਹੋਰ ਨਾਟਕ