ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟੁੱਟ ਗਈਆਂ ਮੇਰੀਆਂ ਵੰਗਾਂ
ਵੇ ਮਿੱਤਰਾ ਛੱਡ ਵੀਣੀਂ

ਰੰਗ ਵੰਗਾਂ ਦਾ ਸੀ ਨਸਵਾਰੀਂ ਤਕ ਤਕ ਚੜ੍ਹਦੀ ਸੀ ਖੁਮਾਰੀ
ਦਿਲ ਡੁੱਬੇ ਤਕ ਵੀਣੀਂ ਖਾਲੀ, ਮੁੱਖ ਤੋਂ ਉਡੀ ਜਾਵੇ ਲਾਲੀ
ਗੱਲ ਲਗ ਰੋਣ ਉਮੰਗਾਂ, ਵੇ ਮਿੱਤਰਾ...

ਇਉਂ ਸੀ ਵੰਗਾਂ ਦਾ ਛਣਕਾਟਾ, ਜਿਉਂ ਕੁੜੀਆਂ ਦੀ ਡਾਰ ਦਾ ਹਾਸਾ
ਖਾਲੀ ਤੱਕ ਕੇ ਵੀਣੀਂ ਮੇਰੀ, ਸਖੀਆਂ ਨੇ ਗਲ ਕਰਨੀ ਤੇਰੀ
ਕਰਨੈ ਮਖੌਲ ਮਲੰਗਾਂ, ਵੇ ਮਿੱਤਰਾ...

ਆਥਣ ਨੂੰ ਘਰ ਆਵਣ ਵੇਲੇ, ਤੈਥੋਂ ਬਾਹ ਛੁਡਾਵਣ ਵੇਲੇ
ਤੈਥੋਂ ਲੱਗੀ ਜਦ ਬਾਂਹ ਛਡਾਉਣ,ਵੀਣੀਂ ਹੋਈ ਲਹੂ ਲੁਹਾਨ
ਚੂਰ ਹੋਈਆਂ ਵੰਗਾਂ, ਵੇ ਮਿੱਤਰਾ...

'ਮੰਗਲ' ਈਕਣ ਬਾਂਹ ਮਰੋੜੀ, ਇਕ ਵੀ ਵੰਗ ਨਾ ਸਾਬਤ ਛੋੜੀ
ਨਾਜ਼ੁਕ ਪੈਰ ਮਲੂਕ ਨੇ ਮੇਰੇ, ਕੱਚ ਖਿੰਡਿਆ ਏ ਚਾਰ-ਚੁਫੇਰੇ
ਦਸ ਮੈਂ ਕਿਧਰੋਂ ਲੰਘਾਂ, ਵੇ ਮਿੱਤਰਾ...

76/ਸ਼ਬਦ ਮੰਗਲ