ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੰਗਲ ਵਿਚ ਜੋ ਫੁੱਲ ਅਨੋਖਾ ਖਿੜਿਆ ਹੈ
ਰੁੱਖਾਂ ਦੇ ਵਿਚ ਉਸਦਾ ਚਰਚਾ ਛਿੜਿਆ ਹੈ

ਗ਼ਮ ਨਈ ਸਾਨੂੰ ਤੇਰੇ ਏਸ ਵਤੀਰੇ ਦਾ
ਚਾਨਣ ਤਨ ਕੇ ਨ੍ਹੇਰਾ ਹਰਦਮ ਚਿੜ੍ਹਿਆ ਹੈ

ਸਾਨੂੰ ਜੀਵਣ ਜਾਂਚ ਸਿਖਾਈ ਉਸ ਨੇ ਹੀ
ਇਕ ਤਿਣਕਾ ਜੋ ਤੂਫ਼ਾਨਾ ਸੰਗ ਭਿੜਿਆ ਹੈ

ਹਸਦਾ ਹਸਦਾ ਅਕਸਰ ਰੋ ਪੈਂਦੈ ਬੰਦਾ
ਰੋਂਦੇ ਦਾ ਵੀ ਅਕਸਰ ਹਾਸਾ ਛਿੜਿਆ ਹੈ

ਰੇਤ ਤਰ੍ਹਾਂ ਕਿਰ ਜਾਣੀ ਢਾਣੀ ਯਾਰਾਂ ਦੀ
ਮੁੱਠੀ ਵਿਚ ਕਰ ਜਿਸਨੂੰ ਬੰਦਾ ਤਿੜਿਆ ਹੈ

ਪਹਿਚਾਣ ਰਹੀ ਨਾ ਖ਼ੁਦ ਦੀ ਵੀ 'ਮੰਗਲ' ਨੂੰ
ਖੂਹ ਸਮੇਂ ਦਾ ਕੈਸਾ ਪੁੱਠਾ ਗਿੜਿਆ ਹੈ

50/ਸ਼ਬਦ ਮੰਗਲ