ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਕਾਰਜ ਹੋਰ ਵੀ ਔਖਾ ਹੋ ਜਾਂਦਾ ਹੈ ਜਦੋਂ ਸੰਸਾਰ ਤੋਂ ਵਿਦਾ ਹੋ ਚੁਕੇ ਸੱਜਣ ਪਿਆਰੇ ਬਾਰੇ ਲਿਖਣਾ ਪਵੇ। ਮੰਗਲ ਹੁਣ ਸਾਡੇ ਅੰਗ ਸੰਗ ਨਹੀਂ, ਕੁਝ ਲਿਖਤਾਂ ਹਨ, ਆਖਰੀ ਨਿਸ਼ਾਨੀ ਵਰਗੀਆਂ। ਸੁਯੋਗ ਪੁੱਤਰ ਰਿਸ਼ੀ ਹਿਰਦੇਪਾਲ ਨੇ ਇਨ੍ਹਾਂ ਨੂੰ ਸੰਭਾਲਿਆ ਤੇ ਪੁਸਤਕ ਸਰੂਪ ਲਈ ਵਿਉਂਤਿਆ ਹੈ। ਚੰਗੀ ਗੱਲ ਹੈ। ਇਸ ਵਿੱਚ ਗੀਤ ਵੀ ਹਨ ਅਤੇ ਗ਼ਜ਼ਲਾਂ ਵੀ। ਕੁਝ ਟੁਟਵੇਂ ਅਧੂਰੇ ਸ਼ਿਅਰ ਜੋ ਸੰਪੂਰਨ ਨਾ ਹੋ ਸਕੇ। ਮਲੋਟ ਦੀ ਮਿੱਠੀ ਖੂਹੀ ਨੇੜੇ ਵੱਸਦਾ ਮੰਗਲ ਮਦਾਨ ਇਸ ਗੱਲੋਂ ਸੁਚੇਤ ਰਿਹਾ ਕਿ ਉਸਦੇ ਕਲਾਮ ਦੀਆਂ ਤਲਖ਼ੀਆਂ ਕੁਝ ਪਾਠਕਾਂ ਨੂੰ ਖ਼ਾਰੇ ਪਾਣੀ ਵਾਂਗ ਵੀ ਮਹਿਸੂਸ ਹੋਣਗੀਆਂ ਪਰ ਉਸਨੇ ਪਰਦਾਪੋਸ਼ੀ ਕਰਨ ਦੀ ਥਾਂ ਹੱਕ ਸੱਚ ਤੇ ਇਨਸਾਫ਼ ਦੀ ਪਹਿਰੇਦਾਰੀ ਤੋਂ ਕੰਡ ਨਹੀਂ ਭੰਵਾਈ।

ਮੰਗਲ ਮਦਾਨ ਜ਼ਿੰਦਗੀ ਨੂੰ ਮੁਹੱਬਤ ਕਰਨ ਵਾਲਾ ਸੁਚੇਤ ਕਵੀ ਹੈ। ਰਿਸ਼ਤੇ ਨਾਤੇ ਧਰਤੀ, ਪ੍ਰਕਿਰਤੀ, ਵਰਤਮਾਨ, ਭਵਿੱਖ ਸਭ ਕੁਝ ਮੁਹੱਬਤ 'ਚ ਓਤ ਪੋਤ। ਪੰਜਾਬਣ ਮੁਟਿਆਰ ਦਾ ਹੁਸਨ ਅਤੇ ਪੰਜਾਬੀਅਤ ਉਸਦੇ ਕਲਮ ਦੀ ਸ਼ਕਤੀ ਹੈ। ਉਸਦੇ ਗੀਤ ਹੁਸਨ ਨੂੰ ਮਾਨਣ ਤੋਂ ਵੱਧ ਜਾਨਣ ਅਤੇ ਚੇਤਨਾ ਦੇ ਪੱਧਰ ਤੇ ਮਾਨਣ ਦੀ ਬਾਤ ਪਾਉਂਦੇ ਹਨ। ਉਹ ਜਿਸਮਾਂ ਦਾ ਨਹੀਂ ਮਹਿਕ ਦਾ ਅਭਿਲਾਖੀ ਹੈ। ਇਸੇ ਕਰਕੇ ਹੀ ਉਸਦੇ ਗੀਤ ਚੰਨ ਤਾਰਿਆਂ ਤੋਂ ਸ਼ੁਰੂ ਹੋ ਕੇ ਸੋਹਣਿਆਂ ਦੀ ਹਜ਼ੂਰੀ 'ਚ ਤੀਕ ਆਪਣਾ ਸਫ਼ਰ ਪੁਗਾਉਂਦੇ ਹਨ।

ਆਪਣੇ ਗੀਤਾਂ 'ਚ ਉਹ ਤਬਦੀਲ ਹੋ ਰਹੇ ਨਿਜ਼ਾਮ 'ਚ ਤਬਦੀਲ ਹੋ ਰਹੇ ਰਿਸ਼ਤਾ ਨਾਤਾ ਪ੍ਰਬੰਧ ਨੂੰ ਬਾਖੂਬੀ ਪਛਾਣਦਾ ਤੇ ਜਾਣਦਾ ਹੈ। ਘੱਲ੍ਹੜ ਨਦਾਨ ਮੁਟਿਆਰ ਵੱਲੋਂ ਨਿਸ਼ਾਨੀ ਵਜੋਂ ਦਿੱਤੀ ਜਾਣ ਵਾਲੀ ਰੁਮਾਲ ਤੇ ਗਾਨੀ ਦੇ ਗੁਆਚਣ ਦਾ ਵੀ ਉਸਨੂੰ ਪੂਰਣ ਅਹਿਸਾਸ ਹੈ ਅਤੇ ਸੱਖਣੇ ਗੁੱਟਾਂ ਤੇ ਰੱਖੜੀ ਬੰਨ੍ਹਣ ਵਾਲੀਆਂ ਧੀਆਂ ਦੀ ਅਣਹੋਂਦ ਤੋਂ ਵੀ ਬਾਖ਼ਬਰ ਹੈ। ਪੀਂਘ ਦੇ ਹੁਲਾਰਿਆਂ ਵਰਗੇ ਸੱਜਣ ਪਿਆਰੇ ਅਤੇ ਇਸ਼ਕ ਦੇ ਮਾਰੇ ਮੁਹੱਬਤੀ ਜੀਆਂ ਦਾ ਵੀ ਉਸਨੂੰ ਫ਼ਿਕਰ ਹੈ। ਦਸਤਾਰ ਹੀਣੇ ਸਿਰ, ਸਾਂਝੇ ਪਰਿਵਾਰ ਅਤੇ ਬੰਦੇ ਦਾ ਈਮਾਨ ਗੁਆਚਣ ਦਾ ਇਲਮ ਉਸਨੂੰ ਬਹੁਤ ਪਹਿਲਾਂ ਹੀ ਹੋ ਗਿਆ ਸੀ। ਸ਼ਾਇਦ ਇਸੇ ਕਰਕੇ ਹੀ ਉਹ ਬਹੁਤ ਪਹਿਲਾਂ ਸਾਨੂੰ ਸਭ ਨੂੰ ਤਾੜਨਾ ਕਰ ਗਿਆ ਸੀ। ਮੰਗਲ ਮਦਾਨ ਕੋਲ ਗੀਤ ਦੀ ਬਹੁਤ ਖੂਬਸੂਰਤ ਜ਼ੁਬਾਨ ਹੈ। ਉਹ ਸਹਿਜ ਸੁਭਾਅ ਉਹ ਗੱਲਾਂ ਗੀਤ ਵਿੱਚ ਕਹਿ ਜਾਂਦਾ ਹੈ ਜੋ ਸਾਨੂੰ ਭਾਵਨਾ ਦੇ ਪ੍ਰਬਲ ਵਹਿਣ ਵਿੱਚ ਰੋੜ੍ਹ ਕੇ ਲੈ ਜਾਂਦੀਆਂ ਹਨ।

ਉਸ ਮੰਗਲ ਨੂੰ ਚੇਤੇ ਕਰ ਕਰ।
ਉੱਠਾਂ ਰਾਤ ਬਰਾਤੇ ਡਰ ਡਰ।
ਟੁਰ ਗਿਆ ਜਿਹੜਾ ਸੋਚੀਂ ਪਾ ਕੇ।

ਮੈਨੂੰ ਕਿਸੇ ਟੀ.ਵੀ. ਚੈਨਲ ਵਾਲੇ ਨੇ ਇੱਕ ਵਾਰ ਸਵਾਲ ਕੀਤਾ ਕਿ ਤੁਸੀਂ ਗੀਤ, ਗਜ਼ਲ ਤੇ ਨਜ਼ਮ ਲਿਖਦੇ ਹੋ। ਗੀਤ ਤੇ ਗ਼ਜ਼ਲ ’ਚ ਕੀ ਅੰਤਰ ਹੈ? ਮੇਰਾ

40/ਸ਼ਬਦ ਮੰਗਲ