ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਮੰਗਲ: ਸੁਆਗਤ ਹੈ।

ਮੰਗਲ ਮਦਾਨ ਸਾਡਾ ਸੱਜਣ ਸੀ। ਸੁਹਜਵੰਤਾ, ਰਸਵੰਤਾ, ਮਿਲਾਪੜਾ, ਨੇਕ, ਮੁਹੱਬਤੀ ਤੇ ਹਰ ਕਿਸੇ ਦੇ ਦਿਲ 'ਚ ਲਹਿ ਜਾਣ ਵਾਲਾ। ਉਦੋਂ ਮੈਂ ਅਜੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਵਿੱਚ ਜਗਰਾਉਂ (ਲੁਧਿਆਣਾ) ਵਿਖੇ ਲੈਕਚਰਾਰ ਸਾਂ ਜਦ ਮੰਗਲ ਮੈਨੂੰ ਪਹਿਲੀ ਵਾਰ ਮਿਲਣ ਆਇਆ ਉਸ ਦੇ ਨਾਲ ਗੁਰਮੀਤ ਮੀਤ ਜਾਂ ਕੋਈ ਹੋਰ ਇਹ ਤਾਂ ਚੇਤੇ ਨਹੀਂ, ਪਰ ਇਹ ਜ਼ਰੂਰ ਯਾਦ ਹੈ ਕਿ ਉਹ ਮੇਰੇ ਤੋਂ ਬਾਅਦ ਪ੍ਰਿੰਸੀਪਲ ਤਖ਼ਤ ਸਿੰਘ ਜੀ ਨੂੰ ਮਿਲ ਕੇ ਗਿਆ। ਇਹ ਗੱਲ ਅਠਵੇਂ ਦਹਾਕੇ ਦੇ ਮੁੱਢਲੇ ਵਰ੍ਹਿਆਂ ਦੀ ਹੋਵੇਗੀ। ਉਹ ਉਦੋਂ ਅਜੇ ਗੀਤ ਹੀ ਲਿਖਦਾ ਸੀ ਪਰ ਕਦੇ ਕਦੇ ਗ਼ਜ਼ਲ ਤੇ ਵੀ ਤਬ੍ਹਾ ਅਜਮਾਈ ਕਰਦਾ ਸੀ। ਅੱਜ ਵਾਂਗ ਉਹ ਇੱਕ ਦਮ ਸਾਹਿਤ ਅੰਬਰ ਤੇ ਨਹੀਂ ਸੀ ਛਾ ਜਾਣਾ ਚਾਹੁੰਦਾ ਸਗੋਂ ਸਹਿਜ ਤੌਰ ਤੁਰ ਕੇ ਉਹ ਪੱਕੇ ਪਕੇਰੇ ਕਦਮੀਂ ਸਾਹਿਤ ਖੇਤਰ 'ਚ ਆਉਣ ਦਾ ਇੱਛਾਵਾਨ ਸੀ। ਉਹ ਉਸਤਾਦ ਦੀ ਭਾਲ ਵਿੱਚ ਸੀ। ਦੀਪਕ ਜੈਤੋਈ ਦੇ ਰੰਗ ਵਿੱਚ ਕੁਝ ਗੀਤ ਲਿਖੇ ਸੀ ਉਸਨੇ ਜਿਸ ਨੂੰ ਨਿਰਮਲਜੀਤ ਨਿੰਮਾ ਨੇ ਬੜੀ ਸੁਰੀਲੀ ਆਵਾਜ਼ 'ਚ ਰਿਕਾਰਡ ਵੀ ਕਰਵਾਏ।

ਫਿਰ 1983 'ਚ ਮੈਂ ਲੁਧਿਆਣੇ ਆ ਗਿਆ। ਮੰਗਲ ਏਥੇ ਵੀ ਆ ਕੇ ਮਿਲਦਾ ਰਿਹਾ। ਕੁੱਲ ਹੋਈਆਂ ਦਸ ਬਾਰਾਂ ਮੁਲਾਕਾਤਾਂ ਮੇਰੇ ਅੰਦਰ ਉਸਦੀ ਮਹਿਕ ਘੋਲਦੀਆਂ ਨੇ ਅੱਜ ਵੀ। ਸੋਹਣਾ ਤਾਂ ਹੈ ਹੀ ਸੀ, ਸ਼ੌਕੀਨ ਵੀ ਪੂਰਾ। ਦਸਤਾਰ ਵੀ ਚਿਣ ਕੇ ਬੰਦਾ ਤੇ ਇਵੇਂ ਹੀ ਸ਼ਬਦ ਬੀਜਣ 'ਚ ਵੀ ਮੁਹਾਰਤੀ ਹੱਥ ਜਿਵੇਂ ਕੋਈ ਸੁਨਿਆਰਾ ਮੁੰਦਰੀ 'ਚ ਨਗੀਨੇ ਜੜ੍ਹਦਾ ਹੈ। ਮੰਗਲ ਦਾ ਗੀਤ ਤੇ ਗ਼ਜ਼ਲ ਸੰਸਾਰ ਮੇਰੇ ਲਈ ਮਹਿਕ ਦੇ ਬੁੱਲੇ ਵਰਗਾ ਹੈ। ਤਾਜ਼ਗੀ ਦੇਣ ਵਾਲਾ।

ਮੰਗਲ ਮਦਾਨ ਦਾ ਬੇਟਾ ਰਿਸ਼ੀ ਹਿਰਦੇਪਾਲ ਖ਼ੁਦ ਸਿਰਜਕ ਹੈ। ਬਲਵਾਨ ਸਿਰਜਕ ਉਸ ਦੀ ਰੀਝ ਹੈ ਕਿ ਮੰਗਲ ਦੀ ਇਸ ਪੁਸਤਕ ਦਾ ਮੁਖ ਬੰਦ ਮੈਂ ਲਿਖਾਂ। ਮੈਂ ਇਸ ਕੰਮ ਵਿਚ ਬਹੁਤਾ ਤਾਕ ਨਹੀਂ ਹਾਂ। ਕੰਮ ਚਲਾਊ-ਸ਼ਾਇਰ ਨੂੰ ਸਹੀ ਸੰਦ੍ਰਿਸ਼ ਵਿੱਚ ਪੇਸ਼ ਕਰ ਲੈਂਦਾ ਹਾਂ, ਆਲੋਚਨਾਤਮਕ ਭਾਸ਼ਾ ਤੋਂ ਕੋਰਾ ਹੋਣ ਕਾਰਨ ਮੈਂ ਅਕਸਰ ਇਸ ਕਾਰਜ ਤੋਂ ਟਲ ਜਾਂਦਾ ਹਾਂ। ਪਰ ਕੀ ਕਰਾਂ, ਮੈਨੂੰ ਮੁਹੱਬਤ ਦੇਣ ਵਾਲੇ ਮੈਨੂੰ ਇਸ ਪੰਜਾਲੀ ਵਿੱਚ ਜੋੜ ਹੀ ਲੈਂਦੇ ਹਨ ਇਸ ਕਾਰਜ ਨੂੰ ਮੈਂ ਪ੍ਰਵਾਨ ਕਰਨ ਲੱਗਿਆਂ ਇਹ ਸਪਸ਼ਟ ਕਰ ਦਿੰਦਾ ਹਾਂ ਕਿ ਮੇਰੇ ਲਿਖੇ ਬਾਦ ਸ਼ਾਇਰੀ ਦੀ ਕਿਤਾਬ ਪਾਠਕ ਲਾਜ਼ਮੀ ਪੜ੍ਹੇਗਾ। ਇਸ ਦਾ ਵੱਡਾ ਕਾਰਨ ਇਹ ਵੀ ਹੈ ਕਿ ਮੈਂ ਹੌਲੀ ਕਿਤਾਬ ਨੂੰ ਆਪਣੇ ਬੋਝਲ ਸ਼ਬਦਾਂ ਨਾਲ ਪਾਠਕ ਸਨਮੁਖ ਨਹੀਂ ਪਰੋਸਦਾ। ਆਪ ਵੀ ਇਸ ਗੱਲ ਦਾ ਧਿਆਨ ਰੱਖਦਾ ਹਾਂ ਕਿ ਪਾਠਕ ਨੂੰ ਮੇਰੇ ਕਹੇ ਤੇ ਯਕੀਨ ਬਣਿਆ ਰਹੇ।

39/ਸ਼ਬਦ ਮੰਗਲ